ਜੰਡਿਆਲ ਗੁਰੂ 14 ਦਸੰਬਰ (ਕੰਵਲਜੀਤ ਸਿੰਘ ਲਾਡੀ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਦੇ ਆਗੂ ਅਮਰਦੀਪ ਸਿੰਘ ਬਾਗੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਖੇਤੀ ਸੰਕਟ ਦੇ ਲਗਾਤਾਰ ਵੱਧਣ ਕਾਰਨ ਕਿਸਾਨਾਂ ਮਜ਼ਦੂਰਾਂ ਦੀਆਂ ਹੋ ਰਹੀਆਂ ਖ਼ੁਦਕੁਸ਼ੀਆਂ ਤੇ ਕੇਂਦਰ ਸਰਕਾਰ ਵੱਲੋਂ ਦਿੱਲੀ ਕਿਸਾਨ ਮੋਰਚੇ ਦੌਰਾਨ ਕੀਤੇ ਲਿਖਤੀ ਵਾਅਦੇ ਜਿਵੇਂ 23 ਫਸਲਾਂ ਦੀ M.S.P ਦਾ ਗਾਰੰਟੀ ਕਾਨੂੰਨ ਬਣਾਉਣ ਆਦਿ ਤੋਂ ਮੁਕਰਨ ਖਿਲਾਫ ਜੱਥੇਬੰਦੀ ਵੱਲੋਂ ਜਨਵਰੀ ਵਿੱਚ ਦਿੱਲੀ ਮੋਰਚਾ ਲਗਾਉਣ ਦੀਆਂ ਤਿਆਰੀਆਂ ਸ਼ੁਰੂ ਕਰਨ ਦਾ ਐਲਾਨ ਜੱਥੇਬੰਦੀ ਵੱਲੋਂ ਕਰ ਦਿੱਤਾ ਗਿਆ ਹੈ।
ਕਿਸਾਨ ਆਗੂ ਹਰਮੀਤ ਸਿੰਘ ਧੀਰੇਕੋਟ, ਸਤਨਾਮ ਸਿੰਘ ਧਾਰੜ ਨੇ ਦੱਸਿਆ ਕਿ 5 ਦਸੰਬਰ ਤੋਂ 25 ਦਸੰਬਰ ਤੱਕ ਪਿੰਡਾਂ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਲਾਮਬੰਦ ਕਰਨ ਲਈ ਮੀਟਿੰਗਾਂ, ਕਨਵੈਨਸ਼ਨਾਂ ਜੱਥੇ ਮਾਰਚ ਕਰਨ ਤੇ ਪ੍ਰਚਾਰ ਮੁਹਿੰਮ ਵੱਡੇ ਪੱਧਰ ਤੇ ਵਿੱਢਣ ਦੀ ਵਿਉਂਤਬੰਦੀ ਕੀਤੀ ਗਈ ਹੈ, ਇਸ ਮੋਰਚੇ ਦੀ ਕਾਮਯਾਬੀ ਲਈ ਪੰਜਾਬ ਤੇ ਦੇਸ਼ ਭਰ ਦੀਆਂ ਜੱਥੇਬੰਦੀਆਂ ਨੂੰ ਸ਼ਾਮਿਲ ਹੋਣ ਦੀ ਅਪੀਲ ਕਰਦਿਆਂ ਕਿਸਾਨ ਆਗੂਆਂ ਨੇ ਹਜ਼ਾਰਾਂ ਕਿਸਾਨ ਮਜ਼ਦੂਰ ਤੇ ਬੀਬੀਆਂ ਨੂੰ ਮੋਰਚੇ ਵਿੱਚ ਸ਼ਾਮਲ ਕਰਨ ਦਾ ਦਾਅਵਾ ਕੀਤਾ ਤੇ ਜ਼ੋਰਦਾਰ ਮੰਗ ਕੀਤੀ ਕਿ 23 ਫਸਲਾਂ ਦੀ M.S.P ਦੀ ਗਾਰੰਟੀ ਦੀ ਖਰੀਦ ਦਾ ਕਾਨੂੰਨ ਤਰੁੰਤ ਬਣਾਇਆਂ ਜਾਵੇ,ਡਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਕੇ 2c ਧਾਰਾ ਅਨੁਸਾਰ ਲਾਗਤ ਖਰਚੇ ਗਿਣਕੇ ਫਸਲਾਂ ਦੇ ਭਾਅ ਦਿੱਤੇ ਜਾਣ, ਕਿਸਾਨਾਂ ਮਜ਼ਦੂਰਾਂ ਦਾ 18 ਲੱਖ ਕਰੋੜ ਦਾ ਕਰਜ਼ਾ ਖ਼ਤਮ ਕੀਤਾ ਜਾਵੇ,60 ਸਾਲ ਤੋਂ ਵੱਧ ਉਮਰ ਵਾਲੇ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਮਜ਼ਦੂਰਾਂ ਨੂੰ ਹਰ ਮਹੀਨੇ 10 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇ ਤੇ ਖੇਤੀ ਕਿੱਤੇ ਨੂੰ ਮਨਰੇਗਾ ਸਕੀਮ ਵਿੱਚ ਸ਼ਾਮਲ ਕਰਕੇ 200 ਦਿਨ ਕੰਮ ਦਿੱਤਾ ਜਾਵੇ ਤੇ ਦਿਹਾੜੀ ਦੁੱਗਣੀ ਕੀਤੀ ਜਾਵੇ , ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਤੇ ਕਿਸਾਨਾਂ ਮਜ਼ਦੂਰਾਂ ਸਿਰ ਦਿੱਲੀ,ਯੂਪੀ, ਹਰਿਆਣਾ ਦੀ ਪੁਲਿਸ ਵੱਲੋਂ ਪਾਏ ਪਰਚੇ ਰੱਦ ਕੀਤੇ ਜਾਣ। ਇਸ ਮੌਕੇ ਕਿਸਾਨ ਆਗੂ ਅਮਰਿੰਦਰ ਸਿੰਘ ਮਾਲੋਵਾਲ, ਬਲਵਿੰਦਰ ਸਿੰਘ ਰੁਮਾਣਾ ਚੱਕ, ਸੁਖਰੂਪ ਸਿੰਘ, ਸੂਬੇਦਾਰ ਨਿਰੰਜਨ ਸਿੰਘ, ਬਲਦੇਵ ਸਿੰਘ ਭੰਗੂ, ਮਲਕੀਤ ਸਿੰਘ ਗਦਲੀ, ਬਲਬੀਰ ਸਿੰਘ, ਜਸਵਿੰਦਰ ਸਿੰਘ, ਦੀਦਾਰ ਸਿੰਘ ਆਦਿ ਹਾਜ਼ਰ ਰਹੇ।