ਜੰਡਿਆਲਾ ਗੁਰੂ, 14 ਦਸੰਬਰ (ਕੰਵਲਜੀਤ ਸਿੰਘ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ, ਸੂਬਾ ਆਗੂ ਜਰਮਨਜੀਤ ਸਿੰਘ ਬੰਡਾਲਾ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਵਿੱਚ ਜਿਲ੍ਹਾ ਅੰਮ੍ਰਿਤਸਰ ਦੇ ਜੋਨ ਟਾਂਗਰਾ ਦੇ ਪਿੰਡ ਰੁਮਾਣਾਚੱਕ ਵਿੱਚ ਵਿਸ਼ਾਲ ਕਨਵੈਨਸ਼ਨ ਕਰਕੇ, ਉਤਰੀ ਭਾਰਤ ਦੀਆ 18 ਜਥੇਬੰਦੀਆਂ ਅਤੇ ਸੰਜੁਕਤ ਕਿਸਾਨ ਮੋਰਚਾ( ਗੈਰ ਰਾਜਨੀਤਿਕ ) ਵੱਲੋਂ 2 ਜਨਵਰੀ ਜੰਡਿਆਲਾ ਗੁਰੂ ਰੈਲੀ ਦੀ ਤਿਆਰੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਨਵੈਂਸ਼ਨ ਨੂੰ ਸੰਬੋਧਨ ਕਰਦੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੀ ਭਾਜਪਾ ਸਰਕਾਰ ਬਾਕੀ ਸੈਕਟਰਾਂ ਵਾਂਙ ਖੇਤੀ ਸੈਕਟਰ ਤੇ ਕਾਰਪੋਰੇਟ ਦਾ ਕਬਜ਼ਾ ਕਰਵਾਉਣ ਵਿਚ ਲੱਗੀ ਹੋਈ ਹੈ, ਓਸਨੂੰ ਰੋਕਣ ਅਤੇ ਆਪਣੇ ਹੱਕਾ ਦੀ ਪ੍ਰਾਪਤੀ ਲਈ ਅੱਜ ਜਥੇਬੰਦਕ ਸੰਘਰਸ਼ ਦੀ ਲੋੜ ਹੈ।
ਓਹਨਾ ਕਿਹਾ ਕਿ ਆਉਂਦੇ ਦਿਨਾਂ ਵਿੱਚ ਦੋਨਾਂ ਫੋਰਮਾਂ ਵੱਲੋਂ ਦਿੱਲੀ ਮੋਰਚੇ ਦੀਆਂ ਲਟਕ ਰਹੀਆਂ ਕਿਸਾਨ ਮਜਦੂਰ ਸਬੰਧੀ ਮੰਗਾਂ ਜਿਵੇਂ ਸਾਰੀਆਂ ਫਸਲਾਂ ਦੀ ਖਰੀਦ ਤੇ ਐਮ ਐਸ ਪੀ ਗਰੰਟੀ ਕਨੂੰਨ, ਸਵਾਮੀਨਾਥਨ ਕਮਿਸ਼ਨ ਦੀ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਸੀ 2 +50% ਅਨੁਸਾਰ ਦਿੱਤੇ ਜਾਣ, ਬਿਜਲੀ ਬਿੱਲ 2020 ਨੂੰ ਪੂਰੀ ਤਰ੍ਹਾਂ ਰੱਦ ਕਰਨ, ਕਿਸਾਨ ਮਜਦੂਰ ਦੀ ਪੂਰਨ ਕਰਜ਼ ਮੁਕਤੀ, ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ, ਦਿੱਲੀ ਮੋਰਚੇ ਦੌਰਾਨ ਪਏ ਪੁਲਿਸ ਕੇਸ ਰੱਦ ਕਰਨ ਹੋਰ ਅਹਿਮ ਮੁੱਦਿਆਂ ਤੇ ਸਰਕਾਰ ਨਾਲ ਸੰਘਰਸ਼ ਕਰਨੇ ਪੈਣਗੇ ਜਿਸ ਵਿਚ ਦੇਸ਼ ਦੀ ਅੱਧੀ ਆਬਾਦੀ ਜਾਣੀ ਕਿ ਔਰਤ ਵਰਗ ਦੀ ਸ਼ਮੂਲੀਅਤ ਅਤਿ ਜਰੂਰੀ ਹੈ।
ਆਗੂਆਂ ਨੇ ਕਿਹਾ ਕਿ ਕੋਈ ਵੀ ਸੰਘਰਸ਼ ਔਰਤ ਦੇ ਸਹਿਯੋਗ ਤੋਂ ਬਿਨਾਂ ਨਹੀਂ ਜਿੱਤਿਆ ਜਾ ਸਕਦਾ ਸੋ ਜਥੇਬੰਦੀ ਵੱਲੋਂ ਅਪੀਲ ਹੈ ਕਿ ਕਨਵੈਨਸ਼ਨ ਵਿੱਚ ਮੌਜੂਦ ਸਭ ਬੀਬੀਆਂ ਵੱਲੋਂ ਪਿੰਡਾਂ ਵਿੱਚ ਵੱਡੇ ਪੱਧਰ ਤੇ ਆਉਂਦੇ ਸੰਘਰਸ਼ ਸਬੰਧੀ ਪ੍ਰੋਗਰਾਮਾਂ ਬਾਰੇ ਪ੍ਰਚਾਰ ਕੀਤਾ ਜਾਵੇ ਅਤੇ ਮਜ਼ਬੂਤੀ ਨਾਲ ਸੰਘਰਸ਼ ਲੜਨ ਲਈ ਪਿੰਡ ਪੱਧਰ ਤੇ ਵੱਡੇ ਫੰਡ ਇਕੱਤਰ ਕਰਨ ਲਈ ਔਰਤਾਂ ਜਥੇਬੰਦਕ ਸਾਥੀਆਂ ਦਾ ਪਿੰਡ ਪੱਧਰ ਤੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ। ਇਸ ਮੌਕੇ ਜਿਲ੍ਹਾ ਆਗੂ ਬਲਵਿੰਦਰ ਸਿੰਘ ਰੁਮਾਣਾਚੱਕ, ਸੁਖਦੇਵ ਸਿੰਘ ਚਾਟੀਵਿੰਡ, ਅਮਰਦੀਪ ਗੋਪੀ, ਕੰਵਰਦਲੀਪ ਸੈਦੋਲੇਹਲ, ਜੋਨ ਆਗੂ ਰਣਜੀਤ ਸਿੰਘ ਚਾਟੀਵਿੰਡ, ਗੁਰਭੇਜ ਸਿੰਘ ਭੀਲੋਵਾਲ, ਚਰਨ ਸਿੰਘ ਕਲੇਰ ਘੁੰਮਾਣ, ਅਮਰੀਕ ਸਿੰਘ ਜਮਾਲਪੁਰ, ਅਮਨਿੰਦਰ ਸਿੰਘ ਮਾਲੋਵਾਲ, ਨਿਰੰਜਣ ਸਿੰਘ ਜੱਬੋਵਾਲ, ਸਰਵਣ ਸਿੰਘ ਉਧੋ ਨੰਗਲ, ਹਰਜੀਤ ਸਿੰਘ ਖੱਬੇ ਰਾਜਪੂਤਾਂ ਸਮੇਤ ਆਦਿ ਆਗੂ ਹਾਜ਼ਰ ਰਹੇ।