ਜੰਡਿਆਲਾ ਗੁਰੂ, 19 ਸਤੰਬਰ (ਕੰਵਲਜੀਤ ਸਿੰਘ ਲਾਡੀ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਝੋਨੇ ਦੀ ਖਰੀਦ ਦੇ ਚੱਲ ਰਹੇ ਸੀਜ਼ਨ ਦੌਰਾਨ ਮੰਡੀ ਵਿੱਚ ਆ ਰਹੀਆਂ ਮੁਸ਼ਕਿਲਾਂ ਨਾਲ ਸਬੰਧਿਤ ਮੰਗ ਪੱਤਰ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜਿਲ੍ਹਾ ਆਗੂ ਸਕੱਤਰ ਸਿੰਘ ਕੋਟਲਾ ਵੱਲੋ ਡੀਸੀ ਅੰਮ੍ਰਿਤਸਰ ਅਮਿਤ ਤਲਵਾਰ ਅਤੇ ਡੀ. ਐੱਮ. ਓ. ਮੰਡੀ ਬੋਰਡ ਨੂੰ ਦਿੱਤਾ ਗਿਆ।
ਆਗੂਆਂ ਨੇ ਕਿਹਾ ਕਿ ਮੰਗ ਕੀਤੀ ਗਈ ਹੈ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਕਮੀ ਦੂਰ ਕੀਤੀ ਜਾਵੇ, ਤੋਲ ਲਈ ਕੰਪਿਊਟਰ ਤੋਲ ਕੰਡੇ ਵਰਤੇ ਜਾਣ, ਮੰਡੀ ਵਿੱਚ ਕਿਸਾਨਾਂ ਮਜਦੂਰਾਂ ਦੇ ਪੀਣ ਸਾਫ ਪਾਣੀ ਅਤੇ ਛਾਂ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ, ਕਿਸਾਨਾਂ ਦੀ ਤੋਲੀ ਹੋਈ ਫ਼ਸਲ ਦੀ ਪੈਮੈਂਟ 48 ਘੰਟੇ ਵਿੱਚ ਯਕੀਨੀ ਬਣਾਈ ਜਾਵੇ, ਕਿਸਾਨਾਂ ਨੂੰ ਜੇ-ਫਾਰਮ ਮੌਕੇ ਤੇ ਦੇਣੇ ਲਾਜਮੀ ਕੀਤਾ ਜਾਣ, ਖਰੀਦੀ ਹੋਈ ਫਸਲ ਦੀ 24 ਘੰਟੇ ਅੰਦਰ ਮੰਡੀਆਂ ਵਿੱਚੋਂ ਚੁਕਵਾਈ ਕੀਤੀ ਜਾਵੇ, ਝੋਨੇ/ਬਾਸਮਤੀ ਦੀ ਖਰੀਦ ਸਮੇਂ ਨਮੀ, ਟੋਟਾ ਤੇ ਬੰਦਰੰਗ ਦਾਣੇ ਦੀ ਖਰੀਦ ਦੀਆਂ ਸ਼ਰਤਾਂ ਵਿੱਚ ਢਿੱਲ ਦਿੱਤੀ ਜਾਵੇ,
ਤੁਲਵਾਈ ਵਿੱਚ ਹੇਰਾਫੇਰੀ ਪਾਏ ਜਾਣ ਤੇ ਆੜਤੀਆਂ ਉਪਰ ਕਾਰਵਾਈ ਕਰਦਿਆਂ ਉਸਦਾ ਲਾਈਸੈਂਸ ਜਬਤ ਕੀਤਾ ਜਾਵੇ, ਬਾਰਸ਼ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਫਸਲ ਢੱਕਣ ਲਈ ਤਰਪਾਲ ਦਾ ਪ੍ਰਬੰਧ, ਮੰਡੀ ਵਿਚ ਕੰਮ ਕਰਦੇ ਮਜਦੂਰਾਂ ਦੇ ਹਰ ਤਰਾਂ ਦੇ ਸੰਭਾਵੀ ਸ਼ੋਸ਼ਣ ਤੇ ਸ਼ਖਤੀ ਨਾਲ ਨਜ਼ਰ ਰੱਖੀ ਜਾਵੇ, ਭਾਰਤ ਸਰਕਾਰ ਵੱਲੋਂ ਬਾਸਮਤੀ ਐਕਸਪੋਰਟ ਤੇ ਲਾਈ ਪਾਬੰਦੀ ਤੁਰੰਤ ਖਤਮ ਕੀਤੀ ਜਾਵੇ। ਓਹਨਾ ਸਭ ਕਿਸਾਨਾਂ ਨੂੰ ਅਪੀਲ ਕੀਤੀ ਕਿ ਅਗਰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਆਓਂਦੀ ਹੈ ਤਾਂ ਜਥੇਬੰਦੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਇਸ ਮੌਕੇ ਜੋਨ ਅਜਨਾਲਾ ਪ੍ਰਧਾਨ ਸੁਖਜਿੰਦਰ ਸਿੰਘ ਹਰੜ, ਅਮਰਜੀਤ ਸਿੰਘ, ਸਤਨਾਮ ਸਿੰਘ, ਕੁਲਜੀਤ ਸਿੰਘ ਕੋਟਲਾ ਤੋਂ ਇਲਾਵਾ ਹੋਰ ਕਿਸਾਨ ਆਗੂ ਹਾਜ਼ਿਰ ਰਹੇ।