ਕਾਲੇ ਕਾਨੂੰਨ ਵਾਪਿਸ ਕਰਾਉਣ ਤੱਕ ਸੰਘਰਸ਼ ਰਹੇਗਾ ਜਾਰੀ – ਪ੍ਰਗਟ ਸਿੰਘ ਚੰਬਾ
ਚੋਹਲਾ ਸਾਹਿਬ/ਤਰਨਤਾਰਨ,2 ਅਗਸਤ (ਰਾਕੇਸ਼ ਨਈਅਰ)
ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵਲੋਂ ਪਿੰਡ ਚੰਬਾ ਕਲਾਂ ਅਤੇ ਰੂੜੀਵਾਲਾ ਦੇ ਕਿਸਾਨਾਂ ਦਾ 32ਵਾਂ ਜਥਾ ਐਤਵਾਰ ਨੂੰ ਗੁਰਨਾਮ ਸਿੰਘ ਚੰਬਾ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਕਾਲਾ ਮਹਿਰ ਦੇ ਅਸਥਾਨਾਂ ਤੋਂ ਸਿੰਘੂ ਬਾਰਡਰ ਦਿੱਲੀ ਲਈ ਰਵਾਨਾ ਹੋਇਆ।ਇਸ ਜਥੇ ਵਿਚ ਸੁਖਜਿੰਦਰ ਸਿੰਘ,ਪ੍ਰਗਟ ਸਿੰਘ,ਹੀਰਾ ਸਿੰਘ ਚੰਬਾ,ਹਰਪਾਲ ਸਿੰਘ,ਬਿੱਕਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਰੂੜੀ ਵਾਲਾ ਸ਼ਾਮਲ ਸਨ।ਇਸ ਮੌਕੇ ਜਾਣਕਾਰੀ ਦਿੰਦਿਆਂ ਕਿਸਾਨ ਸੰਘਰਸ਼ ਕਮੇਟੀ ਦੇ ਸੁਬਾਈ ਆਗੂ ਅਤੇ ਜੋਨ ਪ੍ਰਧਾਨ ਪਰਗਟ ਸਿੰਘ ਚੰਬਾ ਨੇ ਦੱਸਿਆ ਕਿ ਸਾਡੇ ਹੁਣ ਤੱਕ ਇਕੱਤੀ ਜਥੇ ਜਾ ਚੁੱਕੇ ਹਨ ਅਤੇ ਅੱਜ ਬੱਤੀਵਾਂ ਜਥਾ ਦਿੱਲੀ ਦੇ ਸਿੰਘੂ ਬਾਰਡਰ ਤੇ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੋ 19 ਜੁਲਾਈ ਤੋਂ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਹੈ,ਇਸ ਦੇ ਬਰਾਬਰ ‘ਤੇ ਕਿਸਾਨਾਂ ਦਾ ਸੈਸ਼ਨ ਵੀ ਬੜੇ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਦੇ ਉੱਚੇ ਅਹੁਦਿਆਂ ਤੇ ਬੈਠੇ ਮੰਤਰੀ ਕਿਸਾਨਾਂ ਖ਼ਿਲਾਫ਼ ਬੇਤੁਕੀਆਂ ਗੱਲਾਂ ਕਰਕੇ ਜ਼ਖ਼ਮਾਂ ਤੇ ਲੂਣ ਛਿੜਕ ਰਹੇ ਹਨ ਜੋ ਕਿ ਬਹੁਤ ਨਿੰਦਣਯੋਗ ਹੈ,ਇਸ ਦੇ ਸਿੱਟੇ ਕੇਂਦਰ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣੇ ਪੈਣਗੇ। ਪਰਗਟ ਸਿੰਘ ਚੰਬਾ ਨੇ ਕਿਹਾ ਕਿ ਕਾਲੇ ਕਨੂੰਨ ਵਾਪਿਸ ਕਰਾਉਣ ਤੱਕ ਇਹ ਮੋਰਚਾ ਲਗਾਤਾਰ ਜਾਰੀ ਰਹੇਗਾ।ਇਸ ਮੌਕੇ ਬੁੱਧ ਸਿੰਘ ਰੂੜੀਵਾਲਾ,ਸੁਖਜਿੰਦਰ ਸਿੰਘ ਰਾਜੂ,ਲਵਜੀਤ ਸਿੰਘ,ਕਸ਼ਮੀਰ ਸਿੰਘ ਚੰਬਾ ਆਦਿ ਵੀ ਹਾਜ਼ਿਰ ਸਨ।