ਚੰਡੀਗੜ੍ਹ (ਨਿਊਜ਼ 24 ਪੰਜਾਬ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਫੈਸਲਾ ਕੀਤਾ ਕਿ ਇਸ ਵੱਲੋਂ ਪਾਰਟੀ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਦੇ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਜਿਹੜੀਆਂ ਰੈਲੀਆਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ, ਉਹ ਮੁੜ ਸ਼ੁਰੂ ਕੀਤੀਆਂ ਜਾਣਗੀਆਂ।
ਇਸ ਬਾਬਤ ਫੈਸਲਾ ਅੱਜ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ ਜਿਸਦੀ ਪ੍ਰਧਾਨਗੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕੀਤੀ। ਸ੍ਰੀ ਬਾਦਲ ਨੇ ਮੀਟਿੰਗ ਵਿਚ ਦੱਸਿਆ ਕਿ ਉਹ ਕੋਰੋਨਾ ਮਹਾਂਮਾਰੀ ਕਾਰਨ ਉਪਜੀ ਸਮੱਸਿਆ ਤੋਂ ਬਿਲਕੁਲ ਠੀਕ ਹੋ ਗਏ ਹਨ ਤੇ 30 ਮਾਰਚ ਤੋਂ ਆਮ ਵਾਂਗੂੰ ਕੰਮ ਕਰ ਸਕਦੇ ਹਨ।
ਸ: ਬਾਦਲ ਨੇ ਇਹ ਵੀ ਕਿਹਾ ਕਿ ਉਹ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। ਕੋਰ ਕਮੇਟੀ ਨੇ ਪਾਰਟੀ ਪ੍ਰਧਾਨ ਦੇ ਤੰਦਰੁਸਤ ਹੋਣ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕੀਤਾ।
ਮੀਟਿੰਗ ਦੇ ਵੇਰਵਿਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਕਹਾਰ ਸ੍ਰੀ ਹਰਚਰਨ ਸਿੰਘ ਬੈਂਸ ਨੇ ਦੱਸਿਆ ਕਿ ਕੋਰ ਕਮੇਟੀ ਦਾ ਇਹ ਵੀ ਵਿਚਾਰ ਸੀ ਕਿ ਨਿਰਾਸ਼ਾ , ਮਾਯੂਸੀ ਤੇ ਰੋਹ ਕਾਰਨ ਸੂਬੇ ਭਰ ਵਿਚ ਕਾਂਗਰਸ ਸਰਕਾਰ ਦੇ ਖਿਲਾਫ ਲਹਿਰ ਦੌੜ ਰਹੀ ਹੈ। ਦਲਿਤਾਂ, ਕਿਸਾਨਾਂ ਤੇ ਵਿਦਿਆਰਥੀਆਂ ਤੋਂ ਲੈ ਕੇ ਹਰ ਵਰਗ ਦਾ ਮੁਲਾਜ਼ਮ ਤੇ ਬੇਰੋਜ਼ਗਾਰ ਮੁਲਾਜਮ ਹਰ ਵਰਗ ਦਾ ਪੰਜਾਬੀ ਆਪਣੇ ਆਪ ਨੂੰ ਕਾਂਗਰਸ ਸ਼ਾਸਕਾਂ ਦੇ ਰਾਜ ਵਿਚ ਠੱਗਿਆ ਮਹਿਸੂਸ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਰਬਾਣੀ ਦੀ ਪਵਿੱਤਰ ਸਹੁੰ ਚੁੱਕ ਕੇ ਵਾਅਦਾ ਕੀਤਾ ਸੀ ਕਿ ਪੂਰਾ ਕਿਸਾਨੀ ਕਰਜ਼ਾ ਮੁਆਫ ਕੀਤਾ ਜਾਵੇਗਾ, ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣ ਜਾਂ ਫਿਰ ਬੇਰੋਜ਼ਗਾਰੀ ਭੱਤਾ ਦੇਣ ਜਾਂ ਫਿਰ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਜਾਂ ਫਿਰ ਸਾਰੇ ਸੂਬੇ ਵਿਚ ਕੁੜੀਆਂ ਲਈ ਸਿੱਖਿਆ ਮੁਫਤ ਕਰਨ ਸਮੇਤ ਸਾਰੇ ਵਾਅਦੇ ਸੁਫਨੇ ਵਾਂਗ ਲੱਗ ਰਹੇ ਹਨ। ਉਹਨਾਂ ਕਿਹਾ ਕਿ ਮੁਲਾਜ਼ਮਾਂ ਲਈ ਪੇਅ ਕਮਿਸ਼ਨ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ ਜਦਕਿ ਨੌਜਵਾਨਾਂ ਨੂੰ ਵਿਆਜ਼ ਮੁਕਤ ਕਰਜ਼ਾ ਆਪਣੇ ਉਦਮ ਸ਼ੁਰੂ ਕਰਨ ਲਈ ਤੇ ਕਿਸਾਨਾਂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਹਰ ਪਰਿਵਾਰ ਲਈ 10 ਲੱਖ ਰੁਪਏ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਾ ਵਾਅਦਾ ਕੀਤਾ ਗਿਆ ਸੀ ਜਿਹਨਾਂ ਵਿਚੋਂ ਕੋਈ ਵੀ ਪੂਰਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਚਾਰ ਸਾਲ ਲੰਘ ਗਏ ਹਨ ਤੇ ਇਸ ਸਰਕਾਰ ਨੇ ਆਪਣੇ ਅਨੇਕਾਂ ਵਾਅਦਿਆਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਦੂਜੇ ਪਾਸੇੇ ਅਕਾਲੀ ਦਲ ਸਰਕਾਰ ਵੇਲੇ ਬਹੁਤੇ ਪਿੰਡਾਂ ਵਿਚ ਸੁਵਿਧਾ ਕੇਂਦਰ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ ਤੇ ਹਰ ਕੈਂਸਰ ਪੀੜਤ ਨੁੰ ਡੇਢ ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸ: ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸ: ਚਰਨਜੀਤ ਸਿੰਘ ਅਟਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ: ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਸ: ਜਗਮੀਤ ਸਿੰਘ ਬਰਾੜ, ਸ: ਜਨਮੇਜਾ ਸਿੰਘ ਸੇਖੋਂ, ਸ: ਸਿਕੰਦਰ ਸਿੰਘ ਮਲੂਕਾ, ਡਾ. ਉਪਿੰਦਰਜੀਤ ਕੌਰ, ਸ: ਗੁਲਜ਼ਾਰ ਸਿੰਘ ਰਣੀਕੇ, ਸ: ਸੁਰਜੀਤ ਸਿੰਘ ਰੱਖੜਾ, ਸ: ਸ਼ਰਨਜੀਤ ਸਿੰਘ ਢਿੱਲੋਂ, ਸ: ਹੀਰਾ ਸਿੰਘ ਗਾਬੜੀਆ ਅਤੇ ਸ੍ਰੀ ਬਲਦੇਵ ਮਾਨ ਨੇ ਵੀ ਸ਼ਮੂਲੀਅਤ ਕੀਤੀ।