
ਜੰਡਿਆਲਾ ਗੁਰੂ 28 ਫਰਵਰੀ (ਕੰਵਲਜੀਤ ਸਿੰਘ ਲਾਡੀ) : ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿਖੇ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਠੇਕੇਦਾਰ ਹਰਪਾਲ ਸਿੰਘ ਅਕਾਲੀ ਦਲ , ਕਾਂਗਰਸ ਨਾਲ ਸੰਬੰਧਿਤ ਸਰਪੰਚੀ ਦੀ ਚੋਣ ਲੜਨ ਵਾਲੇ ਕੰਵਲਜੀਤ ਸਿੰਘ , ਨਿਸ਼ਾਨ ਸਿੰਘ , ਸੁਰਜੀਤ ਸਿੰਘ ਮੌਜੂਦਾ ਮੈਂਬਰ ਪੰਚਾਇਤ ਆਮ ਆਦਮੀ ਪਾਰਟੀ , ਮੰਗਲ ਸਿੰਘ ਤੇ ਸੰਤੋਖ ਸਿੰਘ ਦੀ ਅਗਵਾਈ ਹੇਠ 100 ਦੇ ਕਰੀਬ ਮੋਹਤਬਰਾਂ ਨੇ ਭਾਰਤੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ‘ਤੇ ਭਾਜਪਾ ਦੇ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਅਤੇ ਚੇਅਰਮੈਨ ਕੰਵਰਬੀਰ ਸਿੰਘ ਮੰਜ਼ਿਲ ਨੇ ਸ਼ਾਮਿਲ ਹੋਣ ਵਾਲੇ ਮੋਹਤਬਰਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਹਰ ਤਰ੍ਹਾਂ ਦੇ ਮਾਨ ਸਨਮਾਨ ਦਾ ਭਰੋਸਾ ਦਵਾਇਆ । ਇਸ ਮੌਕੇ ਬੋਲਦਿਆਂ ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਵਿੱਚ ਲੋਕਾਂ ਦਾ ਝੁਕਾਅ ਭਾਰਤੀ ਜਨਤਾ ਪਾਰਟੀ ਵੱਲ ਹੋ ਰਿਹਾ ਹੈ।
ਆਮ ਆਦਮੀ ਪਾਰਟੀ , ਅਕਾਲੀ ਦਲ ਅਤੇ ਕਾਂਗਰਸ ਦੇ ਹੱਥੋਂ ਸਤਾਏ ਹੋਏ ਲੋਕ ਭਾਜਪਾ ਨੂੰ ਬਦਲ ਵਜੋਂ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਜਿਸ ਪ੍ਰਕਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਮੂਧੇ ਮੂੰਹ ਡਿੱਗੀ ਹੈ ਉਸੇ ਤਰ੍ਹਾਂ ਪੰਜਾਬ ਵਿੱਚ ਵੀ ਦੋਵਾਂ ਪਾਰਟੀਆਂ ਤੋਂ ਲੋਕ ਕਿਨਾਰਾ ਕਰਕੇ ਭਾਜਪਾ ਨੂੰ ਸੂਬੇ ਦੀ ਵਾਗਡੋਰ ਸੌਂਪਣਾ ਚਾਹੁੰਦੇ ਹਨ । ਉਨ੍ਹਾਂ ਕਿਹਾ ਕਿ ਗਰੀਬਾਂ ਨਾਲ ਅੱਜ ਤੱਕ ਸਾਰੀਆਂ ਹੀ ਪਾਰਟੀਆਂ ਨੇ ਸੱਤਾ ਵਿੱਚ ਆਉਣ ਲਈ ਝੂਠੇ ਵਾਅਦੇ ਕੀਤੇ ਪਰ ਕਿਸੇ ਵੀ ਪਾਰਟੀ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ । ਝੂਠੇ ਬਦਲਾਅ ਦੇ ਨਾਮ ਹੇਠ ਬਣੀ ਆਮ ਆਦਮੀ ਪਾਰਟੀ ਲੋਕਾਂ ਦੇ ਮਨੋ ਲੱਥ ਚੁੱਕੀ ਹੈ । ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਲੋਕਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ। ਕਾਂਗਰਸੀਆਂ ਦੇ ਝੂਠੇ ਲਾਰਿਆਂ ਵਿੱਚ ਵੀ ਲੋਕ ਇਸ ਵਾਰ ਆਉਣ ਵਾਲੇ ਨਹੀਂ ਕਿਉਂਕਿ ਅੱਜ ਤੱਕ ਕਾਂਗਰਸ ਨੇ ਝੂਠ ਦਾ ਸਹਾਰਾ ਲੈ ਕੇ ਹੀ ਪੰਜਾਬ ਸਰਕਾਰ ਬਣਾਈ । ਇਸ ਮੌਕੇ ਬੋਲਦਿਆਂ ਚੇਅਰਮੈਨ ਕੰਵਰਬੀਰ ਸਿੰਘ ਮੰਜ਼ਿਲ ਨੇ ਕਿਹਾ ਕਿ ਹਰਿਆਣਾ, ਮਹਾਰਾਸ਼ਟਰ ਤੇ ਹੁਣ ਦਿੱਲੀ ਤੋਂ ਬਾਅਦ ਭਾਜਪਾ ਪੰਜਾਬ ਵੀ ਜਿੱਤੇਗੀ ਅਤੇ ਪੰਜਾਬ ਦੇ ਲੋਕਾਂ ਨੂੰ ਉਹ ਸਾਰੀਆਂ ਸੁੱਖ ਸਹੂਲਤਾਂ ਮਿਲਣਗੀਆਂ ਜਿਹੜੀਆਂ ਦੂਜੇ ਸੂਬਿਆਂ ਵਿੱਚ ਭਾਜਪਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ਲਈ ਯੂਪੀ ਦਾ ਫਾਰਮੂਲਾ ਲਾਗੂ ਕਰਨਾ ਪਵੇਗਾ ਤਾਂ ਹੀ ਪੰਜਾਬ ਨਸ਼ਾ ਤੇ ਗੁੰਡਾਗਰਦੀ ਮੁਕਤ ਹੋ ਸਕਦਾ ਹੈ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਿਕੰਦਰ ਸਿੰਘ ਖਾਲਸਾ ਚੇਅਰਮੈਨ , ਕੇਵਲ ਸਿੰਘ ਖੱਬੇ ਰਾਜਪੂਤਾਂ, ਬਿਕਰਮਜੀਤ ਸਿੰਘ ਫੌਜੀ, ਬਾਬਾ ਜੋਗਿੰਦਰ ਸਿੰਘ , ਹਰਜੋਤ ਸਿੰਘ ਮਹਿਤਾ , ਬਲਦੇਵ ਸਿੰਘ ਮੇਹਰਬਾਨਪੁਰਾ, ਸਰਬਜੀਤ ਸਿੰਘ ਵਡਾਲੀ, ਨਾਨਕ ਸਿੰਘ ਚੂੰਗ ਤੋਂ ਇਲਾਵਾ ਹੋਰ ਵੀ ਇਲਾਕਾ ਨਿਵਾਸੀ ਹਾਜ਼ਰ ਸਨ।