ਚੋਹਲਾ ਸਾਹਿਬ/ਤਰਨਤਾਰਨ,10 ਨਵੰਬਰ (ਰਾਕੇਸ਼ ਨਈਅਰ) : ਜ਼ਿਲ੍ਹਾ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਵਿਖੇ ਮੰਗਲਵਾਰ ਦੀ ਰਾਤ ਨੂੰ ਹਥਿਆਰਬੰਦ ਲੁਟੇਰੇ ਇਲਾਕੇ ਦੇ ਮਸ਼ਹੂਰ ਕੱਪੜਾ ਵਪਾਰੀ ਦੇ ਘਰ ਦਾਖਲ ਹੋਣ ਤੋਂ ਬਾਅਦ ਬੜੇ ਹੀ ਦਲੇਰਾਨਾ ਢੰਗ ਨਾਲ ਪਰਿਵਾਰਕ ਮੈਂਬਰਾਂ ਨੂੰ ਬੰਧਿਕ ਬਣਾ ਕੇ ਘਰ ਵਿੱਚ ਰੱਖੀ ਹੋਈ 60 ਲੱਖ ਰੁਪਏ ਦੇ ਕਰੀਬ ਨਗਦੀ ਅਤੇ 6 ਕਿਲੋ ਦੇ ਕਰੀਬ ਸੋਨੇ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ।ਇਸ ਵੱਡੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪੀੜਤ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਕਸਬੇ ਦੇ ਮੁੱਖ ਬਾਜ਼ਾਰ ਵਿੱਚ ਸਥਿਤ ਅਰਨੇਜਾ ਕਲਾਥ ਹਾਊਸ,ਲੱਕੀ ਦੀ ਹੱਟੀ ਦੇ ਮਾਲਕ ਮਸ਼ਹੂਰ ਕੱਪੜਾ ਵਪਾਰੀ ਅਤੇ ਸ਼ਾਹੂਕਾਰਾ ਦਾ ਕੰਮ ਕਰਦੇ ਜੈਮਲ ਸਿੰਘ ਲੱਕੀ ਅਰਨੇਜਾ ਪੁੱਤਰ ਜਗਮੋਹਨ ਸਿੰਘ ਅਰਨੇਜਾ ਨੇ ਦੱਸਿਆ ਕਿ ਦੁਕਾਨ ਦੇ ਨਾਲ ਹੀ ਉਨ੍ਹਾਂ ਦਾ ਘਰ ਹੈ।ਬੀਤੇ ਮੰਗਲਵਾਰ ਰਾਤ 8 ਵਜੇ ਦੇ ਕਰੀਬ ਉਹ ਦੁਕਾਨ ਬੰਦ ਕਰਨ ਤੋਂ ਬਾਅਦ ਜਦ ਘਰ ਚੱਲਿਆ ਤਾਂ ਇੱਕ ਅਣਪਛਾਤਾ ਵਿਅਕਤੀ ਜਿਸਨੇ ਆਪਣਾ ਮੂੰਹ ਢੱਕਿਆ ਹੋਇਆ ਸੀ ਕੋਲ ਆਇਆ ਤੇ ਪੱਗ ਦੇ ਕੱਪੜੇ ਦੀ ਮੰਗ ਕੀਤੀ।
ਮੇਰੇ ਵਲੋਂ ਇਹ ਕਹਿਣ ‘ਤੇ ਕਿ ਦੁਕਾਨ ‘ਤੇ ਕੰਮ ਕਰਦੇ ਲੜਕੇ ਹੁਣ ਚਲੇ ਗਏ ਹਨ,ਕੱਲ ਸਵੇਰੇ ਆ ਕੇ ਕੱਪੜਾ ਲੈ ਜਾਣਾ,ਪਰ ਉਸ ਅਣਪਛਾਤੇ ਵਿਅਕਤੀ ਵਲੋਂ ਵਾਰ ਵਾਰ ਕਹਿਣ ‘ਤੇ ਮੈਂ ਉਸਨੂੰ ਘਰ ਵਾਲੇ ਗੇਟ ਤੋਂ ਦੁਕਾਨ ਅੰਦਰ ਲੈ ਗਿਆ।ਜਦ ਉਸਨੂੰ ਪੱਗ ਦਾ ਕੱਪੜਾ ਅਜੇ ਦਿਖਾ ਹੀ ਰਿਹਾ ਸੀ ਤਾਂ ਦੋ ਹੋਰ ਅਣਪਛਾਤੇ ਨੌਜਵਾਨ ਜਿੰਨਾ ਨੇ ਆਪਣੇ ਮੂੰਹ ਢੱਕੇ ਹੋਏ ਸਨ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ ਘਰ ਵਾਲੇ ਪਾਸਿਉਂ ਦੁਕਾਨ ਅੰਦਰ ਦਾਖਲ ਹੋ ਗਏ ਅਤੇ ਆਉਂਦੇ ਹੀ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਬੰਦੀ ਬਣਾ ਲਿਆ।ਮੇਰੀ ਪਤਨੀ ਜ਼ੋ ਉੱਪਰ ਕਮਰੇ ਵਿੱਚ ਸੀ ਅਚਾਨਕ ਹੇਠਾਂ ਆਈ ਤਾਂ ਉਸਨੂੰ ਵੀ ਕੁੱਟਮਾਰ ਕਰਦੇ ਹੋਏ ਬੰਧੀ ਬਣਾ ਲਿਆ ਗਿਆ। ਹਥਿਆਰਬੰਦ ਲੁਟੇਰਿਆਂ ਵਲੋਂ ਉੱਪਰ ਕਮਰੇ ਵਿੱਚ ਮੇਰੇ ਪਿਤਾ ਅਤੇ ਬੱਚਿਆਂ ਨੂੰ ਵੀ ਬੰਧੀ ਬਣਾ ਲਿਆ ਅਤੇ ਧਮਕੀ ਦਿੱਤੀ ਕਿ ਘਰ ਵਿੱਚ ਜ਼ੋ ਵੀ ਨਗਦੀ ਅਤੇ ਗਹਿਣਾ ਹੈ ਉਹ ਦੇ ਦੇਵੋ ਨਹੀਂ ਤਾਂ ਸਾਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਜਾਵੇਗਾ। ਮੇਰੇ ਵਲੋਂ ਡਰਦੇ ਹੋਏ ਉਨ੍ਹਾਂ ਨੂੰ ਕਮਰੇ ਦੀਆਂ ਅਲਮਾਰੀਆਂ ਦੀਆਂ ਚਾਬੀਆਂ ਦੇ ਦਿੱਤੀਆਂ ਜਿਸ ਨਾਲ ਹਥਿਆਰਬੰਦ ਲੁਟੇਰਿਆਂ ਵਲੋਂ ਘਰ ਵਿੱਚ ਰੱਖੀ ਕਰੀਬ 60 ਲੱਖ ਰੁਪਏ ਦੀ ਨਗਦੀ ਅਤੇ 6 ਕਿਲੋ ਦੇ ਕਰੀਬ ਸੋਨੇ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਲੱਕੀ ਨੇ ਦੱਸਿਆ ਕਿ ਲੁਟੇਰਿਆਂ ਦੇ ਜਾਣ ਤੋਂ ਬਾਅਦ ਕਿਸੇ ਤਰ੍ਹਾਂ ਉਸਦੀ ਪਤਨੀ ਨੇ ਉਨ੍ਹਾਂ ਨੂੰ ਖੋਲਿਆ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਦੇਖਿਆ।
ਉਨ੍ਹਾਂ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਕੱਪੜੇ ਦੇ ਵਪਾਰ ਤੋਂ ਇਲਾਵਾ ਸ਼ਾਹੂਕਾਰਾ ਦਾ ਕੰਮ ਕਰਦੇ ਹਨ ਅਤੇ ਗਹਿਣਾ ਰੱਖ ਕੇ ਬਹੁਤ ਘੱਟ ਸੀਮਤ ‘ਤੇ ਲੋਕਾਂ ਨੂੰ ਵਿਆਜ਼ ‘ਤੇ ਪੈਸੇ ਦਿੰਦੇ ਹਨ।ਪੀੜਤ ਪਰਿਵਾਰ ਨੇ ਦੱਸਿਆ ਕਿ ਲੁਟੇਰੇ ਤਿੰਨ ਘੰਟੇ ਦੇ ਕਰੀਬ ਘਰ ਵਿਚ ਦਾਖਲ ਰਹੇ ਅਤੇ ਪੂਰੀ ਦਲੇਰੀ ਨਾਲ ਘਟਨਾ ਨੂੰ ਅੰਜਾਮ ਦਿੰਦੇ ਰਹੇ। ਲੁਟੇਰੇ ਜਾਂਦੇ ਹੋਏ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ ਅਤੇ ਇਸ ਤੋਂ ਇਲਾਵਾ ਘਰ ਪਿਆ ਮੋਟਰਸਾਈਕਲ ਵੀ ਨਾਲ ਲੈ ਗਏ। ਘਟਨਾ ਦੀ ਖ਼ਬਰ ਮਿਲਦੇ ਹੀ ਸਭ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀ.ਐਸ.ਪੀ ਭੁਪਿੰਦਰ ਸਿੰਘ ਅਤੇ ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ਓ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪੁੱਜ ਗਏ ਅਤੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦਾਅਵਾ ਕੀਤਾ ਕਿ ਲੁਟੇਰਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਡਾਗ ਸੁਕਵੈਡ ਦੀ ਮੱਦਦ ਵੀ ਲਈ ਜਾ ਰਹੀ ਹੈ।