ਸ਼੍ਰੋਮਣੀ ਪੰਥਕ ਕਵੀ ਸਭਾ(ਰਜਿ) ਹਮੇਸ਼ਾਂ ਕਵੀ ਦਰਬਾਰਾਂ ਦੇ ਵਿਰਸੇ ਨੂੰ ਸਮਰਪਿਤ- ਜਾਚਕ
ਜੰਡਿਆਲਾ ਗੁਰੂ, 9 ਸਤੰਬਰ (ਕੰਵਲਜੀਤ ਸਿੰਘ ਲਾਡੀ)– ਬੀਤੇ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ‘ਤੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਪਾਉਂਟਾ ਸਾਹਿਬ ਵਿਖੇ ਨਵੇਂ ਬਣੇ ਕਵੀ ਦਰਬਾਰ ਅਸਥਾਨ(ਜਿਸ ਜਗ੍ਹਾ ‘ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖੁਦ ਕਵੀ ਦਰਬਾਰ ਸੁਣਿਆ ਕਰਦੇ ਸਨ) ਦਾ ਉਦਘਾਟਨ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਉਦਘਾਟਨੀ ਸਮਾਗਮ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੌਰਾਨ ਸ਼੍ਰੋਮਣੀ ਪੰਥਕ ਕਵੀ ਸਭਾ(ਰਜਿ) ਵੱਲੋਂ ਸਰਪ੍ਰਸਤ ਸਰਦਾਰ ਰਛਪਾਲ ਸਿੰਘ ਪਾਲ(ਜਲੰਧਰ), ਜਨਰਲ ਸਕੱਤਰ ਡਾ. ਹਰੀ ਸਿੰਘ ਜਾਚਕ (ਲੁਧਿਆਣਾ), ਕਾਰਜਕਾਰੀ ਮੈਂਬਰ ਸ੍ਰੀ ਜ਼ਮੀਰ ਅਲੀ ਜ਼ਮੀਰ (ਮਲੇਰਕੋਟਲਾ) ਅਤੇ ਕਾਨੂੰਨੀ ਸਲਾਹਕਾਰ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ (ਜੰਡਿਆਲਾ ਗੁਰੂ) ਆਦਿ ਸਾਰੇ ਪੰਥਕ ਕਵੀ ਸ਼ਾਮਿਲ ਹੋਏ। ਸਟੇਜ ਸਕੱਤਰ ਦੀ ਭੂਮਿਕਾ ਸਰਦਾਰ ਕੁਲਵੰਤ ਸਿੰਘ ਚੌਧਰੀ(ਸ਼੍ਰੀ ਪਾਉਂਟਾ ਸਾਹਿਬ) ਨੇ ਨਿਭਾਈ। ਸੈਂਕੜੇ ਦੀ ਗਿਣਤੀ ਵਿੱਚ ਸੰਗਤਾਂ ਇਸ ਪਵਿੱਤਰ ਸਮਾਗਮ ‘ਚ ਗੁਰੂ ਘਰ ਨਤਮਸਤਕ ਹੋਈਆਂ।
ਇਸ ਮੌਕੇ ਸਾਰੇ ਕਵੀ ਸਾਹਿਬਾਨ ਨੂੰ ਗੁਰਦੁਆਰਾ ਕਮੇਟੀ ਦੇ ਨੁਮਾਇੰਦਿਆਂ ਸ: ਜਗੀਰ ਸਿੰਘ, ਸ: ਗੁਰਮੀਤ ਸਿੰਘ, ਸ: ਬਲਦੇਵ ਸਿੰਘ ਕਾਇਮਪੁਰੀ, ਸ: ਹਰਭਜਨ ਸਿੰਘ ਆਦਿ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਸਨਮਾਨਿਤ ਕੀਤਾ ਗਿਆ। ਉਕਤ ਜਾਣਕਾਰੀ ਸ਼੍ਰੋਮਣੀ ਪੰਥਕ ਕਵੀ ਸਭਾ(ਰਜਿ) ਦੇ ਜਨਰਲ ਸਕੱਤਰ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਧੀਕ ਚੀਫ ਸਕੱਤਰ ਡਾ. ਹਰੀ ਸਿੰਘ ਜਾਚਕ ਨੇ ਜੋਤੀਸਰ ਕੋਲੋਨੀ, ਜੰਡਿਆਲਾ ਗੁਰੂ ਤੋਂ ਸਾਂਝੀ ਕੀਤੀ ਅਤੇ ਕਿਹਾ ਕਿ ਸ਼੍ਰੋਮਣੀ ਪੰਥਕ ਕਵੀ ਸਭਾ(ਰਜਿ) ਕਵੀ ਦਰਬਾਰਾਂ ਦੇ ਵਿਰਸੇ ਨੂੰ ਹਮੇਸ਼ਾਂ ਸਮਰਪਿਤ ਹੈ ਅਤੇ ਰਹੇਗੀ।ਇਸ ਕਵੀ ਦਰਬਾਰ ਦੌਰਾਨ ਪੰਥਕ ਕਵੀ ਗੁਰਸ਼ਰਨ ਸਿੰਘ, ਬੀਬੀ ਗੁਰਮੀਤ ਕੌਰ, ਬੀਬੀ ਪਰਵਿੰਦਰ ਕੌਰ, ਬੀਬੀ ਰਜਨੀ ਅਰੋੜਾ ਆਦਿ ਵੀ ਸ਼ਾਮਿਲ ਹੋਏ।