
ਵਾਰਦਾਤ ’ਚ ਵਰਤਿਆ 32 ਬੌਰ ਪਿਸਤੌਲ ਚਾਰ ਜਿੰਦਾ ਰੌਂਦਾਂ ਸਮੇਤ ਬਰਾਮਦ
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਗੈਂਗਸਟਰ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਜੀਰੋ ਟੋਲਰੈਂਸ ਨੀਤੀ ਨੂੰ ਅਪਣਾਇਆ ਗਿਆ
ਜਲੰਧਰ, 22 ਅਪ੍ਰੈਲ (ਕਬੀਰ ਸੌਂਧੀ) : ਗੈਂਗਸਟਰਾਂ ਅਤੇ ਅਪਰਾਧੀਆਂ ਖਿਲਾਫ਼ ਸ਼ਖਤ ਕਾਰਵਾਈ ਕਰਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਅੱਜ ਗੋਪਾਲ ਨਗਰ ਵਿਖੇ 14 ਅਪ੍ਰੈਲ 2022 ਨੂੰ ਗੋਲੀ ਕਾਂਡ ਦੀ ਵਾਪਰੀ ਘਟਨਾ ਵਿੱਚ ਸ਼ਾਮਿਲ ਪੰਚਮ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਅਮਿਤ ਕਲਿਆਣ ਉਰਫ਼ ਸੁਭਾਨਾ (32) ਪਿੰਡ ਸੁਭਾਨਾ, ਦੀਪਕ ਭੱਟੀ ਉਰਫ਼ ਕਾਕਾ(25) ਅਤੇ ਨਿਖ਼ਿਲ ਉਰਫ਼ ਸਾਹਿਲ ਉਰਫ਼ ਕੇਲਾ (29) ਦੋਵੇਂ ਵਾਸੀ ਰਾਸਤਾ ਮੁਹੱਲਾ, ਜਲੰਧਰ ਵਲੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਵਾਰਦਾਤ ਹੋਣ ਤੋਂ ਬਾਅਦ ਅਨੇਕਾਂ ਟੀਮਾਂ ਦਾ ਗਠਨ ਕੀਤਾ ਗਿਆ ਜਿਸ ਦੌਰਾਨ ਅਮਿਤ ਅਤੇ ਦੀਪਕ ਨੂੰ ਦੇਹਰਾਦੂਨ, ਉਤੱਰਾਖੰਡ ਜਦਕਿ ਨਿਖ਼ਿਲ ਨੂੰ ਜਲੰਧਰ ਤੋਂ ਕਾਬੂ ਕੀਤਾ ਗਿਆ। ਸ੍ਰੀ ਤੂਰ ਨੇ ਦੱਸਿਆ ਕਿ ਗੁਰਦੇਵ ਨਗਰ ਦੇ ਰਹਿਣ ਵਾਲੇ ਹਿਮਾਂਸ਼ੂ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨੋ ਮੁਲਜ਼ਮਾਂ ਅਤੇ ਉਨ੍ਹਾਂ ਦੇ ਹੋਰਨਾ ਸਾਥੀਆਂ ਵਲੋਂ 14 ਅਪ੍ਰੈਲ 2022 ਨੂੰ ਰਾਤ 9.40 ਵਜੇ ਗੋਪਾਲ ਨਗਰ ਵਿਖੇ ਉਸ ’ਤੇ ਹਮਲਾ ਕੀਤਾ ਗਿਆ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਵਲੋਂ ਦੱਸਿਆ ਗਿਆ ਹੈ ਕਿ ਜਦੋਂ ਉਸ ਵਲੋਂ ਇਨ੍ਹਾਂ ਅਪਰਾਧੀਆਂ ਤੋਂ ਬੱਚਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਨ੍ਹਾਂ ਵਲੋਂ ਗੋਲੀ ਚਲਾ ਦਿੱਤੀ ਗਈ ਜਿਸ ਦੌਰਾਨ ਹਰਮੇਲ ਸਿੰਘ ਉਰਫ਼ ਦੇਵਗਨ ਤੋਗੜੀ ਮੁਹੱਲਾ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਸਪੈਸ਼ਲ ਟੀਮਾਂ ਵਲੋਂ ਮੁਲਜ਼ਮਾਂ ਪਾਸੋਂ ਵਾਰਦਾਤ ਵਿੱਚ ਵਰਤੀ .32 ਬੋਰ ਦੀ ਪਿਸਤੌਲ ਚਾਰ ਜਿੰਦਾ ਰੌਂਦ ਸਮੇਤ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਹਾਇਕ ਕਮਿਸ਼ਨਰ ਪੁਲਿਸ ਨਿਰਮਲ ਸਿੰਘ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਭਗਵੰਤ ਸਿੰਘ ਅਤੇ ਸਬ ਇੰਸਪੈਕਟਰ ਐਸ.ਓ.ਯੂ. ਜਲੰਧਰ ਅਸ਼ੋਕ ਕੁਮਾਰ ਦੀ ਅਗਵਾਈ ਵਾਲੀਆਂ ਅਨੇਕਾਂ ਸਪੈਸ਼ਲ ਟੀਮਾਂ ਵਲੋਂ ਇਕ ਹਫ਼ਤੇ ਦੇ ਵਿੱਚ-ਵਿੱਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਵਲੋਂ ਮਾਨਵੀ ਅਤੇ ਤਕਨੀਕੀ ਅਧਾਰ ’ਤੇ ਘਟਨਾ ਦੀ ਜਾਂਚ ਕੀਤੀ ਗਈ ਜਿਸ ਸਦਕਾ ਮੁਜ਼ਲਮਾਂ ਨੂੰ ਪਛਾਣਿਆ ਜਾ ਸਕਿਆ। ਉਨ੍ਹਾਂ ਦੱਸਿਆ ਕਿ ਦੇਹਰਾਦੂਨ ਵਿਖੇ ਛਾਪਾ ਮਾਰਿਆ ਗਿਆ ਜਿਥੇ ਅਮਿਤ ਕਲਿਆਣ ਅਤੇ ਦੀਪਕ ਭੱਟੀ ਲੁਕੇ ਹੋਏ ਸਨ। ਉਨ੍ਹਾਂ ਦੱਸਿਆ ਕਿ ਦੀਪਕ ਭੱਟੀ ਉਰਫ਼ ਕਾਕਾ ਪਾਸੋਂ ਹਥਿਆਰ ਬਰਾਮਦ ਕਰਨ ਤੋਂ ਇਲਾਵਾ ਨਿਖ਼ਿਲ ਨੂੰ ਵੀ ਕਾਬੂ ਕੀਤਾ ਗਿਆ।
ਪੁਲਿਸ ਕਮਿਸ਼ਨ ਨੇ ਦੱਸਿਆ ਕਿ ਇਹ ਅਪਰਾਧੀ ਪਹਿਲਾਂ ਵੀ ਅਨੇਕਾ ਅਪਰਾਧਿਕ ਮਾਮਲਿਆਂ ਐਨ.ਡੀ.ਪੀ.ਐਸ. ਐਕਟ ਤੋਂ ਆਰਮਸ ਐਕਟ ਅਤੇ ਹੱਤਿਆ ਦੀ ਕੋਸ਼ਿਸ਼ ਵਿੱਚ ਨਾਮਜ਼ਦ ਸਨ ਜਿਸ ਕਰਕੇ ਉਹ ਜੇਲ੍ਹ ਵਿੱਚ ਬੰਦ ਰਹੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਮਿਤ ਕਲਿਆਣ ਉਰਫ਼ ਸੁਭਾਨਾ ਅਨੇਕਾਂ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਿਲ ਸੀ ਅਤੇ ਸਤੰਬਰ 2021 ਵਿੱਚ ਜਮਾਨਤ ’ਤੇ ਬਾਹਰ ਆਇਆ ਸੀ ਜਦਕਿ ਦੀਪਕ ਭੱਟੀ ਖਿਲਾਫ਼ ਤਿੰਨ ਐਫ.ਆਈ.ਆਰ. ਦਰਜ ਸਨ ਅਤੇ ਉਹ ਵੀ ਦਸੰਬਰ 2021 ਤੋਂ ਜਮਾਨਤ ’ਤੇ ਬਾਹਰ ਆਇਆ ਸੀ। ਇਸੇ ਤਰ੍ਹਾਂ ਸ੍ਰੀ ਤੂਰ ਨੇ ਦੱਸਿਆ ਕਿ ਤੀਜਾ ਮੁਲਜ਼ਮ ਨਿਖ਼ਿਲ ਉਰਫ਼ ਕੇਲਾ ਖਿਲਾਫ਼ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਛੇ ਕੇਸ ਦਰਜ਼ ਸਨ।
ਗੈਂਗਸਟਰਾਂ ਅਤੇ ਅਪਰਾਧੀਆਂ ਖਿਲਾਫ਼ ਜੀਰੋ ਟੋਲਰੈਂਸ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਲੰਧਰ ਨੂੰ ਜੁਰਮ ਰਹਿਤ ਸ਼ਹਿਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕਿਸੇ ਵੀ ਕੀਮਤ ’ਤੇ ਅਮਨ-ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚੋਂ ਜੁਰਮਾਂ ਨੁੂੰ ਖ਼ਤਮ ਕਰਨ ਲਈ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਹੈ।