ਮਾਨਸਾ/ਭਾਦੜਾ, 19 ਅਪ੍ਰੈਲ (ਬਿਊਰੋ) : ਪਿੰਡ ਭਾਦੜਾ ਦੇ ਨੌਜਵਾਨ ਕਿਸਾਨ ਵੱਲੋਂ ਫਾਹਾ ਲੈ ਕੇ ਲਾ ਕੇ ਖੁਦਕੁਸ਼ੀ ਕੀਤੇ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਮੱਖਣ ਸਿੰਘ (42 ਸਾਲ) ਪੁੱਤਰ ਝੰਡਾ ਸਿੰਘ ਨੰਬਰਦਾਰ ਜੋ ਕਿ ਬੁਢਲਾਡਾ ਵਿਖੇ ਦੁਕਾਨ ‘ਤੇ ਕੰਮ ਕਰਦਾ ਸੀ ਤੇ ਨਾਲ-ਨਾਲ ਖੇਤੀਬਾੜੀ ਵੀ ਕਰਦਾ ਸੀ।ਇਸ ਵਾਰ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ,ਜਿਸ ਨੇ ਸਵੇਰ ਸਮੇਂ ਆਪਣੇ ਖੇਤ ਜਾ ਕੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ, ਦੋ ਨਾਬਾਲਗ ਬੱਚੇ ਬੇਟਾ ਤੇ ਬੇਟੀ ਛੱਡ ਗਿਆ ਹੈ।ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬੁਢਲਾਡਾ ਵਿਖੇ ਭੇਜਿਆ ਗਿਆ ਅਤੇ ਪੁਲਸ ਵੱਲੋਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।ਪਿੰਡ ਦੀ ਕਿਸਾਨ ਯੂਨੀਅਨ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਮ੍ਰਿਤਕ ਨੌਜਵਾਨ ਕਿਸਾਨ ਦੇ ਪਰਿਵਾਰ ਨੂੰ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।