ਬਠਿੰਡਾ/ਰਾਮਾਂ ਮੰਡੀ, (ਬਲਵੀਰ ਬਾਘਾ ਸੋਕੀ) : ਸਥਾਨਕ ਐਮ. ਐਸ.ਡੀ.ਸੀ.ਸੈ. ਸਕੂਲ ਰਾਮਾਂ ਮੰਡੀ ਵਿਖੇ ਸਕੂਲ ਪ੍ਰਿੰਸੀਪਲ ਮੈਡਮ ਹਰਕਿਰਨ ਕੌਰ ਤੇ ਵਾਈਸ ਪ੍ਰਿੰਸੀਪਲ ਮੈਡਮ ਪ੍ਰਾਚੀ ਸ਼ਰਮਾ ਦੀ ਯੋਗ ਅਗਵਾਈ ਹੇਠ ਅਧਿਆਪਕ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਵਿਦਿਆਰਥੀਆਂ ਨੇ ਅੱਜ ਖੁਦ ਅਧਿਆਪਕ ਬਣਕੇ ਅਧਿਆਪਕਾਂ ਦੀਆਂ ਜਿੰਮੇਵਾਰੀਆਂ ਨਿਭਾਈਆਂ। ਇਸ ਮੌਕੇ ਭਾਸ਼ਣ ਪ੍ਰਤਿਯੋਗਤਾ ਵੀ ਕਰਵਾਈ ਗਈ। ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਤੋਂ ਮਿਲੇ ਗਿਆਨ ਲਈ ਉਹਨਾਂ ਦਾ ਧੰਨਵਾਦ ਕੀਤਾ।
ਸਕੂਲ ਪ੍ਰਿੰਸੀਪਲ ਮੈਡਮ ਹਰਕਿਰਨ ਕੌਰ ਨੇ ਵਿਦਿਆਰਥੀਆਂ ਨੂੰ ਅਧਿਆਪਕ ਦਿਵਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਵਿੱਚ ਅਧਿਆਪਕ ਦਿਵਸ ਹਰ ਸਾਲ ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਦੇ ਰੂਪ ਵਿੱਚ 05 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇੱਕ ਵਿਦਿਆਰਥੀ ਦੇ ਜੀਵਨ ਦੇ ਜੀਵਨ ਵਿੱਚ ਅਧਿਆਪਕ ਦੀ ਬਹੁਤ ਮਹੱਤਤਾ ਹੁੰਦੀ ਹੈ। ਇੱਕ ਅਧਿਆਪਕ ਹੀ ਵਿਦਿਆਰਥੀ ਨੂੰ ਜੀਵਨ ਦੇ ਸਹੀ ਰਾਸਤੇ ਤੇ ਪਾ ਸਕਦਾ ਹੈ। ਅਧਿਆਪਕ ਤੋਂ ਬਿਨ੍ਹਾਂ ਇੱਕ ਵਿਦਿਆਰਥੀ ਦੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸਕੂਲ ਦੇ ਪ੍ਰਧਾਨ ਸ੍ਰੀ ਮਦਨ ਲਾਲ ਜੀ ਲਹਿਰੀ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ ਗਈ।