ਚੋਹਲਾ ਸਾਹਿਬ/ਤਰਨਤਾਰਨ, 17 ਮਈ (ਰਾਕੇਸ਼ ਨਈਅਰ) : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐਮ.ਐਸ.ਐਮ ਕਾਨਵੈਂਟ ਸਕੂਲ, ਧੁੰਨ ਰੋਡ ਚੋਹਲਾ ਸਾਹਿਬ ਵਿਖੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕਮ ਚੇਅਰਮੈਨ ਸਮਾਜਸੇਵੀ ਡਾ.ਉਪਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਵਿਦਿਆਰਥੀਆਂ ਦੀ ਸਿਹਤ ਜਾਂਚ ਸੰਬੰਧੀ ਮੁਫ਼ਤ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਦੀ ਸਿਹਤ ਦੀ ਜਾਂਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕੀਤੀ ਗਈ।ਸਕੂਲ ਦੇ ਪ੍ਰਿੰਸੀਪਲ ਰਕੇਸ਼ ਕੁਮਾਰ ਡੋਗਰਾ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਹਾਲ ਹੀ ਦੀ ਵਿਦਿਅਕ ਨੀਤੀ ਨੇ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਇੱਕ ਵੱਡੀ ਤਬਦੀਲੀ ਲਿਆਂਦੀ ਹੈ।ਅਜਿਹਾ ਕਰਦੇ ਹੋਏ,ਇਸਨੇ ਬੱਚਿਆਂ ਦੀ ਸਿਹਤ ਅਤੇ ਉਨ੍ਹਾਂ ਦੇ ਪੋਸ਼ਣ ਨੂੰ ਵੀ ਉੱਚ ਤਰਜੀਹ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਆਪਸ ਵਿੱਚ ਮਜ਼ਬੂਤੀ ਨਾਲ ਜੁੜੇ ਹੋਏ ਹਨ।ਜਦੋਂ ਕਿ ਸਿਹਤਮੰਦ ਵਿਅਕਤੀਆਂ ਵਿੱਚ ਸਿੱਖਿਆ ਦੇ ਬਿਹਤਰ ਨਤੀਜੇ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।ਸਹੀ ਸਿੱਖਿਆ ਇੱਕ ਪਰਿਵਾਰ ਦੀ ਸਿਹਤ ਸਥਿਤੀ ਵਿੱਚ ਸੁਧਾਰ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਹੈਲਥ ਐਂਡ ਵੈਲਨੈਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਸਿਹਤ ਅਤੇ ਸਫਾਈ ਸਬੰਧੀ ਜਾਗਰੂਕਤਾ ਫੈਲਾਉਣ ਦੇ ਨਾਲ ਨਾਲ ਸਿਹਤ ਸੰਭਾਲ ਨੂੰ ਹੋਰ ਵੀ ਪਹੁੰਚਯੋਗ ਬਣਾਉਣਾ ਹੈ।ਇਸ ਮੌਕੇ ਐਮ.ਐਸ.ਐਮ ਕਾਨਵੈਂਟ ਸਕੂਲ ਦੀ ਮੈਨੇਜਮੈਂਟ ਨੇ ਸਾਰੇ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਸਿਹਤ ਅਤੇ ਤੰਦਰੁਸਤੀ ਮੁਹਿੰਮ ਨੂੰ ਬਹੁਤ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ।
ਖਾਸ ਕਰਕੇ ਸੀ.ਐਚ.ਸੀ ਸਰਹਾਲੀ ਦੇ ਡਾਕਟਰਾਂ ਦੀ ਟੀਮ ਜਿੰਨਾ ਵਿੱਚ ਡਾ.ਵਿਵੇਕ ਸ਼ਰਮਾ,ਡਾ.ਸੂਰਜ ਦੇਵਗਨ,ਡਾ.ਪਰਮਿੰਦਰ ਢਿੱਲੋਂ ਅਤੇ ਐਮਪੀਐਚਡਬਲਯੂ ਜਸਪਿੰਦਰ ਸਿੰਘ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।ਸਕੂਲ ਦੇ ਐਮ.ਡੀ ਕਮ ਚੇਅਰਮੈਨ ਸਮਾਜਸੇਵੀ ਡਾ.ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਐਮ.ਐਸ.ਐਮ ਕਾਨਵੈਂਟ ਸਕੂਲ ਹਮੇਸ਼ਾ ਹੀ ਪੇਂਡੂ ਖੇਤਰ ਦੇ ਵਿਦਿਆਰਥੀਆਂ ਲਈ ਸਿਹਤ,ਸਿੱਖਿਆ ਅਤੇ ਉਹਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਲੋਕ ਭਲਾਈ ਮੁਹਿੰਮਾਂ ਦਾ ਆਯੋਜਨ ਕਰਦਾ ਹੈ।