ਜੰਡਿਆਲਾ ਗੁਰੂ, 15 ਜੁਲਾਈ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਪੰਜਾਬ ਦੇ ਇਲੈਕਟ੍ਰੋਨਿਕਸ ਮੀਡੀਆ ਨਾਲ ਸੰਬੰਧਤ ਮਿਸ ਕਮਲਪ੍ਰੀਤ ਕੌਰ ਨੇ ਕਿਹਾ ਕਿ ਅੱਜ ਦੀ ਔਰਤ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਸਮਾਜ ਵਿੱਚ ਵਿਚਰ ਰਹੀ ਹੈ ਅਤੇ 21ਵੀਂ ਸਦੀ ਦੀ ਔਰਤ ਘਰੇਲੂ ਚਾਰ ਦੀਵਾਰੀ ਦੀ ਮੁਥਾਜ ਨਹੀਂ ਰਹੀ। ਮਿਸ ਕਮਲਪ੍ਰੀਤ ਕੌਰ ਨੇ ਸਥਾਨਕ ਕਸਬੇ ਵਿੱਚ ਪੰਜਾਬੀ ਸਭਿਆਚਾਰ ਦੇ ਪ੍ਰਚਾਰ- ਪ੍ਰਸਾਰ ਦੀ ਫੇਰੀ ਤਹਿਤ ਜਾਣਕਾਰੀ ਸਾਂਝੀ ਕੀਤੀ ਕਿ ਬੀਤੇ ਦਿਨੀਂ ਪੰਜਾਬੀ ਪਹਿਰਾਵੇ ਤੇ ਸਭਿਆਚਾਰ ਨਾਲ ਸੰਬੰਧਤ ਕੈਨੇਡਾ ਦੇਸ਼ ਦੇ ਟੋਰਾਂਟੋ ਸ਼ਹਿਰ ਵਿਖੇ ਹੋਏ ਮਿਸ ਤੇ ਮਿਸਿਜ਼ ਪੰਜਾਬਣ ਵਰਲਡਵਾਇਡ ਮੁਕਾਬਲੇ ਅਮਿੱਟ ਯਾਦ ਛੱਡ ਗਏ। ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਨੈਸ਼ਨਲ ਬੈਂਕੁਐਟ ਹਾਲ ਵਿਖੇ 10 ਜੁਲਾਈ ਨੂੰ ਹੋਏ ਫਾਈਨਲ ਮੁਕਾਬਲੇ ਵਿਚ ਕੈਨੇਡਾ ਸਮੇਤ ਸੰਸਾਰ ਭਰ ਦੇ ਕੋਨੇ – ਕੋਨੇ ਤੋਂ ਮੁਟਿਆਰਾਂ ਨੇ ਭਾਗ ਲਿਆ। ਫਾਈਨਲ ਮੁਕਾਬਲੇ ਤੋਂ ਪਹਿਲੇ ਦੇ ਸ਼ੁਰੂਆਤੀ ਦੌਰਾਂ ਵਿੱਚ 100 ਤੋਂ ਜ਼ਿਆਦਾ ਮੁਟਿਆਰਾਂ ਨੇ ਭਾਗ ਲਿਆ ਸੀ ਅਤੇ 11 ਮਿਸ ਪੰਜਾਬਣਾਂ ਦੇ ਨਾਲ ਨਾਲ 13 ਮਿਸਿਜ਼ ਪੰਜਾਬਣਾਬ ਦੀ ਚੋਣ ਕੀਤੀ ਗਈ ਸੀ।
ਇਹਨਾਂ ਮੁਟਿਆਰਾਂ ਵਲੋਂ ਫਾਈਨਲ ਮੁਕਾਬਲੇ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ । ਫਾਈਨਲ ਮੁਕਾਬਲੇ ਵਿਚ ਰੈਂਪ ਵਾਲਕ, ਟੈਲੇਂਟ ਮੁਕਾਬਲਾ, ਪ੍ਰਸ਼ਨ-ਉੱਤਰ ਅਤੇ ਬੋਲੀਆਂ ਅਤੇ ਗਿੱਧੇ ਸੰਬੰਧੀ ਮੁਕਾਬਲੇ ਹੋਏ। ਸਾਰੇ ਮੁਕਾਬਲੇ ਪੰਜਾਬੀ ਸਭਿਆਚਾਰ ਉੱਤੇ ਅਧਾਰਿਤ ਸੀ | ਜੱਜਾਂ ਦੀ ਭੂਮਿਕਾ ਵਰਿੰਦਰ ਕੌਰ,ਸ਼ਵੇਤਾ ਸ਼ਰਮਾ,ਮਨਿੰਦਰ, ਮੀਨੂੰ, ਜਪਨੀਤ ਅਤੇ ਸੁਧਨੀਤ ਵਲੋਂ ਨਿਭਾਈ ਗਈ। ਇਸ ਮੁਕਾਬਲੇ ਵਿਚ ਬਹੁਤ ਹੀ ਪ੍ਰਸਿੱਧ ਕਲਾਕਾਰ ਦੀਪ ਢਿੱਲੋਂ ,ਜੈਸਮੀਨ ਜੱਸੀ ਅਤੇ ਗੁਰਸੇਵਕ ਹੁੰਦਲ ਵਲੋਂ ਆਪਣੀ ਗਾਇਕੀ ਨਾਲ ਸੱਭ ਦਾ ਮਨੋਰੰਜਨ ਕੀਤਾ ਗਿਆ। ਇਸ ਸ਼ੋਅ ਦੇ ਪ੍ਰਬੰਧਕ ਪ੍ਰਦੀਪ ਬੈਂਸ ਅਤੇ ਅਮਨ ਸੈਣੀ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਕਾਬਲੇ ‘ਚ ਚੀਫ ਗੈਸਟ ਦੀ ਭੂਮਿਕਾ ਐਮ.ਪੀ. ਸ. ਪ੍ਰਭਮੀਤ ਸਿੰਘ ਸਰਕਾਰੀਆ ਅਤੇ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵਲੋਂ ਨਿਭਾਈ ਗਈ। ਇਹ ਮੁਕਾਬਲਾ ਦਾ ਟੀ.ਵੀ. ਐਨ. ਆਰ. ਆਈ. ਅਤੇ ਏ.ਆਰ.ਸੈਣੀ. ਗਲੈਮਰ ਵਰਲਡ ਵੱਲੋਂ ਆਯੋਜਿਤ ਕੀਤਾ ਗਿਆ। ਉਕਤ ਮੁਕਾਬਲੇ ਵਿੱਚ ਮਿਸ ਪੰਜਾਬਣ ਦਾ ਖਿਤਾਬ ਮਿਸ ਹਰਪ੍ਰੀਤ ਕੌਰ ਅਤੇ ਮਿਸਜ਼ ਪੰਜਾਬਣ ਦਾ ਖਿਤਾਬ ਮਿਸਜ਼ ਜਗਰੂਪ ਕੌਰ ਦੇ ਸਿਰ ਸਜਿਆ। ਮਿਸ ਕਮਲਦੀਪ ਕੌਰ ਨੇ ਕਿਹਾ ਐਸੇ ਮੁਕਾਬਲੇ ਇੱਕ ਤਾਂ ਔਰਤਾਂ ਵਿੱਚ ਆਤਮ- ਵਿਸ਼ਵਾਸ਼ ਭਰਦੇ ਨੇ ਤੇ ਦੂਜਾ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਵਿੱਚ ਹਰ ਤਰ੍ਹਾਂ ਸਹਾਈ ਹੁੰਦੇ ਨੇ।