ਚੋਹਲਾ ਸਾਹਿਬ/ਤਰਨਤਾਰਨ, 08 ਅਗਸਤ (ਰਾਕੇਸ਼ ਨਈਅਰ) : ਇੰਨੀ ਦਿਨੀਂ ਪੁਲਿਸ ਥਾਣਾ ਚੋਹਲਾ ਸਾਹਿਬ ਦੇ ਅਧੀਨ ਇਲਾਕੇ ਵਿੱਚ ਲੁਟੇਰਾ ਗਿਰੋਹ ਪੂਰੀ ਤਰ੍ਹਾਂ ਸਰਗਰਮ ਹੋ ਕੇ ਚੋਰੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਬੇਖੌਫ ਹੋਕੇ ਅੰਜਾਮ ਦੇ ਰਿਹਾ ਹੈ ਪਰ ਪੁਲਿਸ ਦੇ ਹੱਥ ਅਜੇ ਇਸ ਲੁਟੇਰੇ ਗਿਰੋਹ ਦੀ ਪਕੜ ਤੋਂ ਦੂਰ ਹਨ। ਪਿੰਡ ਗੰਡੀਵਿੰਡ ਧੱਤਲ ਵਿਖੇ ਸਹਿਕਾਰੀ ਕੋਆਪਰੇਟਿਵ ਬੈਂਕ ਵਿੱਚ ਦੋ ਦਿਨ ਪਹਿਲਾਂ ਹੀ ਹੋਈ ਸਾਡੇ ਚਾਰ ਲੱਖ ਰੁਪਏ ਦੀ ਲੁੱਟ ਤੋਂ ਬਾਅਦ ਬੀਤੀ 7-8 ਅਗਸਤ ਦੀ ਦਰਮਿਆਨੀ ਰਾਤ ਨੂੰ ਚੋਰਾਂ ਦੇ ਗਰੋਹ ਵਲੋਂ ਪਿੰਡ ਚੋਹਲਾ ਖੁਰਦ ਦੇ ਇੱਕ ਤੋਂ ਬਾਅਦ ਇੱਕ 5 ਘਰਾਂ ਵਿੱਚ ਚੋਰੀਆਂ ਦੀ ਵਾਰਦਾਤ ਨੂੰ ਦਲੇਰਾਨਾ ਢੰਗ ਨਾਲ ਅੰਜਾਮ ਦਿੰਦੇ ਹੋਏ 17 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ ਡੇਢ ਲੱਖ ਰੁਪਏ ਦੀ ਨਗਦੀ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ।
ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਮੌਕੇ ਤੇ ਪਹੁੰਚ ਕੇ ਹਰ ਪਹਿਲੂ ਤੋਂ ਜਾਂਚ ਕੀਤੇ ਜਾਣ ਅਤੇ ਲੁਟੇਰਾ ਗਿਰੋਹ ਨੂੰ ਜਲਦ ਕਾਬੂ ਕਰ ਲਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਜਗਜੀਤ ਸਿੰਘ ਜੱਗੀ ਪਿੰਡ ਚੋਹਲਾ ਖੁਰਦ ਦੇ ਘਰ ਚੋਰਾਂ ਨੇ ਬੀਤੀ ਅੱਧੀ ਰਾਤ ਨੂੰ ਦਾਖਲ ਹੋ ਕੇ ਕਮਰੇ ਦੀ ਫਰੋਲਾ-ਫਰਾਲੀ ਕਰਨ ਤੋਂ ਬਾਅਦ ਕਮਰੇ ਵਿੱਚ ਪਈ ਅਲਮਾਰੀ ਵਿੱਚੋਂ 17 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ,ਡੇਢ ਲੱਖ ਰੁਪਏ ਦੀ ਨਗਦੀ ਅਤੇ ਇੱਕ ਕੀਮਤੀ ਘੜੀ ਚੋਰੀ ਕਰ ਲਈ। ਜਗਜੀਤ ਸਿੰਘ ਜੱਗੀ ਨੇ ਦੱਸਿਆ ਕਿ ਚੋਰੀ ਦਾ ਪਤਾ ਉਸ ਵੇਲੇ ਲੱਗਾ ਜਦ ਉਹ ਸਵੇਰੇ ਉੱਠ ਕੇ ਨਾਲ ਵਾਲੇ ਕਮਰੇ ਜਿਥੇ ਚੋਰੀ ਹੋਈ ਸੀ ਅੰਦਰ ਗਏ ਤਾਂ ਅਲਮਾਰੀ ਖੁੱਲ੍ਹੀ ਹੋਈ ਦੇਖੀ ਅਤੇ ਸਾਰਾ ਸਮਾਨ ਹੇਠਾਂ ਖਿਲਰਿਆ ਹੋਇਆ ਨਜ਼ਰ ਆਇਆ।ਚੋਰਾਂ ਵਲੋਂ ਇਥੇ ਹੀ ਬੱਸ ਨਹੀਂ ਕੀਤੀ ਬਲਕਿ ਨਾਲ ਦੇ ਘਰ ਵਿੱਚ ਦਾਖਲ ਹੋ ਕੇ ਉਥੋਂ ਵੀ ਅਲਮਾਰੀ ਵਿੱਚ ਰੱਖੀ 10 ਹਜ਼ਾਰ ਰੁਪਏ ਦੇ ਕਰੀਬ ਨਗਦੀ ਚੋਰੀ ਕਰ ਲਈ।ਘਰ ਦੇ ਮਾਲਕ ਸੁਲੱਖਣ ਸਿੰਘ ਨੇ ਦੱਸਿਆ ਕਿ ਉਸ ਨੂੰ ਵੀ ਚੋਰੀ ਦਾ ਪਤਾ ਉਦੋਂ ਲੱਗਾ ਜਦ ਸਵੇਰੇ ਉੱਠ ਕੇ ਨਾਲ ਵਾਲੇ ਕਮਰੇ ਵਿੱਚ ਪਈ ਅਲਮਾਰੀ ਨੂੰ ਖੁੱਲ੍ਹਾ ਦੇਖਿਆ ਅਤੇ ਸਮਾਨ ਖਿਲਰਿਆ ਹੋਇਆ ਪਾਇਆ।ਇਸ ਤੋਂ ਬਾਅਦ ਚੋਰਾਂ ਦਾ ਗਿਰੋਹ ਗੁਆਂਢ ਵਿੱਚ ਹੀ ਰਹਿੰਦੇ ਪੁਲਿਸ ਮੁਲਾਜ਼ਮ ਭੁਪਿੰਦਰ ਸਿੰਘ,ਸੈਕਟਰੀ ਗੁਰਜਿੰਦਰ ਸਿੰਘ ਅਤੇ ਬਲਰਾਜ ਸਿੰਘ ਦੇ ਘਰਾਂ ਵਿੱਚ ਵੀ ਦਾਖਲ ਹੋਇਆ ਪਰ ਉੱਥੇ ਕੋਈ ਨੁਕਸਾਨ ਨਹੀਂ ਕਰ ਸਕਿਆ। ਜ਼ਿਕਰਯੋਗ ਹੈ ਕਿ ਘਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਦੋ ਚੋਰ ਘਰ ਵਿੱਚ ਦਾਖਲ ਹੁੰਦੇ ਨਜ਼ਰ ਆਉਂਦੇ ਹਨ ਜਦਕਿ ਇੱਕ ਸਾਈਡ ਤੇ ਲੱਗੇ ਕੈਮਰੇ ਨੂੰ ਚੋਰਾਂ ਵਲੋਂ ਤੋੜ ਦਿੱਤਾ ਗਿਆ।
ਚੋਰਾਂ ਵਲੋਂ ਜਿਸ ਦਲੇਰਾਨਾ ਢੰਗ ਨਾਲ ਇੱਕ ਤੋਂ ਬਾਅਦ ਇੱਕ ਘਰਾਂ ਵਿੱਚ ਦਾਖ਼ਲ ਹੋ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ,ਉਸ ਤੋਂ ਹਰ ਕੋਈ ਹੈਰਾਨ ਹੈ,ਕਿਉਂਕਿ ਸਾਰੇ ਘਰ ਹੀ ਇੱਕ ਦੂਸਰੇ ਨਾਲ ਜੁੜੇ ਹੋਏ ਹਨ ਅਤੇ ਸਾਰੇ ਪਰਿਵਾਰਕ ਮੈਂਬਰ ਵੀ ਰਾਤ ਨੂੰ ਘਰਾਂ ਵਿੱਚ ਮੌਜੂਦ ਸਨ। ਪੀੜਤ ਪਰਿਵਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਲੁਟੇਰਾ ਗਿਰੋਹ ਦਾ ਜਲਦ ਪਤਾ ਲਗਾਇਆ ਜਾਵੇ ਤਾਂ ਜ਼ੋ ਲੋਕਾਂ ਵਿੱਚ ਜ਼ੋ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਉਹ ਖਤਮ ਹੋ ਸਕੇ। ਮੌਕੇ ਤੇ ਪਹੁੰਚੇ ਥਾਣਾ ਚੋਹਲਾ ਸਾਹਿਬ ਦੇ ਐਸਐਚਓ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਪੁਲਿਸ ਵਲੋਂ ਹਰ ਪਹਿਲੂ ਤੋਂ ਬੜੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਲੁਟੇਰਾ ਗਿਰੋਹ ਪੁਲਿਸ ਦੀ ਗ੍ਰਿਫਤ ਵਿੱਚ ਹੋਵੇਗਾ। ਇਹਨਾਂ ਚੋਰੀਆਂ ਸੰਬੰਧੀ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।