ਚੰਨੀ ਅਤੇ ਰਾਜਾ ਵੜਿੰਗ ਨੇ ਥਾਪੜੀ ਜਟਾਣਾ ਦੀ ਪਿੱਠ , ਲੋਕਾਂ ਤੋਂ ਮੰਗੀ ਵਿਧਾਨ ਸਭਾ ਚੋਣਾਂ ਲਈ ਜਿੱਤ
ਤਲਵੰਡੀ ਸਾਬੋ 9 ਦੰਸਬਰ (ਸੁਰੇਸ਼ ਰਹੇਜਾ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰਕ ਲੋਕ ਸਭਾ ਹਲਕਾ ਬਠਿੰਡਾ ਦੇ ਕਸਬਾ ਰਾਮਾ ਮੰਡੀ ਵਿਚ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਵਿੱਚ ਰਾਮਾਂ ਮੰਡੀ ਵਿਖੇ ਹੋਈ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਵੱਡੀ ਲਲਕਾਰ ਮਾਰੀ ਅਤੇ ਕਿਹਾ ਕਿ ਬਾਦਲਾਂ ਵੱਲੋਂ ਸ਼ੁਰੂ ਕੀਤਾ ਰੇਤ, ਟਰਾਂਸਪੋਰਟ ਅਤੇ ਕੇਬਲ ਮਾਫ਼ੀਆ ਰਾਜ ਖ਼ਤਮ ਕਰ ਦਿੱਤਾ ਹੈ ,ਇਸ ਦੇ ਨਾਲ ਲੋਕ ਹਿੱਤਾਂ ਵਿੱਚ ਲਏ ਇਤਿਹਾਸਕ ਫ਼ੈਸਲੇ ਪੁਰਾਣੇ ਬਕਾਏ ਮਾਫ, ਤਿੱਨ ਰੁਪਏ ਬਿਜਲੀ ਸਸਤੀ, ਔਰਤਾਂ ਦੀ ਸਰਕਾਰੀ ਬੱਸਾਂ ਦਾ ਸਫ਼ਰ ਮੁਫਤ, ਪੈਟਰੋਲ ਡੀਜ਼ਲ ਸਸਤਾ, ਮਕਾਨਾਂ ਦੇ ਮਾਲਕੀ ਹੱਕ ਵਰਗੇ ਫ਼ੈਸਲਿਆਂ ਨੇ ਪੰਜਾਬ ਵਿੱਚ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ ।ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖੁਸ਼ਬਾਜ਼ ਜਟਾਣਾ ਦੀ ਪਿੱਠ ਥਾਪੜਦਿਆਂ ਵੱਡੇ ਇਕੱਠ ਤੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਜਟਾਣਾ ਦੀ ਜਿੱਤ ਵੀ ਮੰਗੀ।ਦੱਸਣਯੋਗ ਹੈ ਕਿ ਇਸ ਰੈਲੀ ਤੋਂ ਐਨ ਇੱਕ ਦਿਨ ਪਹਿਲਾਂ ਕੱਲ੍ਹ 7 ਦਸੰਬਰ ਨੂੰ ਰਾਮਾ ਮੰਡੀ ਦੇ ਲੋਕਾਂ ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀ।
ਜਦੋਂ ਰੈਲੀ ਵਾਲੀ ਥਾਂ ਜਾਇਜ਼ਾ ਲੈਣ ਪਹੁੰਚੇ ਸਾਬਕਾ ਮੰਤਰੀ ਅਤੇ ਹਲਕੇ ਤੋਂ ਦੋ ਵਾਰ ਵਿਧਾਇਕ ਰਹੀ ਚੁੱਕੇ ਸ ਹਰਮਿੰਦਰ ਸਿੰਘ ਜੱਸੀ ਨਾਲ ਗਾਲ੍ਹੀ ਗਲੋਚ ਕਰਦਿਆਂ ਜੱਟਾਣਾ ਟੀਮ ਨੇ ਉਨ੍ਹਾਂ ਨੂੰ ਧਮਕੀ ਭਰੇ ਲਹਿਜ਼ੇ ਵਿੱਚ ਉੱਥੋਂ ਚਲੇ ਜਾਣ ਲਈ ਆਖ ਦਿੱਤਾ ਸੀ ਅਤੇ ਦੋਵਾਂ ਧਿਰਾਂ ਵਿੱਚ ਕਾਫੀ ਧੱਕਾ ਮੁੱਕੀ ਹੋ ਗਈ ਸੀ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਮੁੱਖ ਮਕਸਦ ਪੰਜਾਬ ਦੀ ਤਰੱਕੀ ਅਤੇ ਹਰ ਵਰਗ ਦੀ ਖੁਸ਼ਹਾਲੀ ਹੈ ,ਜਿਸ ਲਈ ਉਹ ਲੋਕ ਹਿੱਤਾਂ ਨੂੰ ਮੁੱਖ ਰੱਖ ਕੇ ਫ਼ੈਸਲੇ ਲੈ ਰਹੇ ਹਨ, ਜਿਸ ਦਾ ਆਮ ਨਾਗਰਿਕਾਂ ਨੂੰ ਲਾਭ ਮਿਲਣਾ ਯਕੀਨੀ ਬਣਾਇਆ ਜਾ ਰਿਹਾ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਚੰਨੀ ਨੇ ਤਿੱਖੇ ਹਮਲੇ ਕੀਤੇ ਤੇ ਕਿਹਾ ਕਿ ਚੰਨੀ ਨਾਲ ਟੱਕਰ ਦਿੱਲੀ ਵਾਲਿਆਂ ਲਈ ਔਖੀ ਸਾਬਤ ਹੋਵੇਗੀ,ਕਿਉਂਕਿ ਪੰਜਾਬ ਪੰਜਾਬੀਆਂ ਦਾ ਹੈ ,ਇਸ ਤੇ ਬਾਹਰੀ ਲੋਕਾਂ ਨੂੰ ਰਾਜ ਨਹੀਂ ਕਰਨ ਦੇਵਾਂਗੇ ,ਸੁਖਬੀਰ ਬਾਦਲ ਵੱਲੋਂ ਆਟਾ ਦਾਲ ਦੇ ਨਾਲ ਆਲੂ ਦੇਣ ਉੱਤੇ ਤਿੱਖਾ ਕਟਾਖਸ਼ ਕਰਦਿਆਂ ਕਿਹਾ ਕਿ ਪੰਜਾਬ ਨੂੰ ਲੁੱਟ ਕੇ ਖਾਣ ਵਾਲੇ ਹੁਣ ਪੰਜਾਬੀਆਂ ਨੂੰ ਆਲੂ ਦੇਣਗੇ ।ਰੈਲੀ ਦੇ ਭਰਵੇੇਂ ੲਿਕੱਠ ਤੋਂ ਗਦਗਦ ਹੋਏ ਮੁੱਖ ਮੰਤਰੀ ਨੇ ਵੱਡੇ ਐਲਾਨ ਕਰਦਿਆਂ ਕਿਹਾ ਕਿ 15 ਕਰੋੜ ਰੁਪਏ ਪਹਿਲਾਂ ਵਿਕਾਸ ਕਾਰਜਾਂ ਲਈ ਭੇਜੇ, 5 ਕਰੋੜ ਰੁਪਏ ਸੜਕਾਂ ਲਈ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪਵਿੱਤਰ ਸ਼ਹਿਰ ਨੂੰ ਸੁੰਦਰ ਬਣਾਉਣ,ਇੱਕ ਵੱਡਾ ਹਸਪਤਾਲ ਤੇ ਸਕੂਲ ਵੀ ਬਣਾਉਣ ਦਾ ਐਲਾਨ ਕੀਤਾ । ਇਸ ਮੌਕੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਵਿੱਚ ਕਾਂਗਰਸ ਲੀਡਰਸ਼ਿਪ ਵੱਲੋਂ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਦਾ ਸਨਮਾਨ ਵੀ ਕੀਤਾ ਗਿਆ।