ਬਾਬਾ ਬਕਾਲਾ ਸਾਹਿਬ 17 ਅਕਤੂਬਰ ( ਸੁਖਵਿੰਦਰ ਬਾਵਾ/ਮਨਜਿੰਦਰ ਗਿੱਲ): ਜੰਡਿਆਲਾ ਗੁਰੂ ਦੇ ਪਿੰਡ ਤਾਰਾਗੜ੍ਹ ਜਿਲ੍ਹਾ ਅੰਮ੍ਰਿਤਸਰ ਦੇ ਆਸਦੀਪ ਸਿੰਘ ਪੁੱਤਰ ਕੈਪਟਨ ਗੁਰਮੀਤ ਸਿੰਘ ਨੇ ਜੂਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਕੇ ਆਪਣਾ ਜੱਜ ਬਣਨ ਦਾ ਸੁਪਨਾ ਸਾਕਾਰ ਕੀਤਾ ਹੈ ਅਤੇ ਆਪਣੇ ਮਾਪਿਆਂ ਅਤੇ ਜੰਡਿਆਲਾ ਗੁਰੂ ਦਾ ਨਾਮ ਮਾਣ ਨਾਲ ਉੱਚਾ ਕੀਤਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਸ੍ਰ: ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਪਿੰਡ ਤਾਰਾਗੜ੍ਹ ਦੇ ਸ: ਆਸਦੀਪ ਸਿੰਘ ਦੇ ਜੱਜ ਬਣਨ ਤੇ ਉਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨੂੰ ਵਧਾਈਆਂ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨਾਂ ਕਿਹਾ ਕਿ ਇਕ ਆਮ ਘਰ ਦੋਂ ਉੱਠ ਕੇ ਜੱਜ ਦੀ ਕੁਰਸੀ ਤੇ ਪਹੁੰਚਣਾ ਬਣੇ ਹੀ ਮਾਣ ਵਾਲੀ ਗੱਲ ਹੈ ਅਤੇ ਮੈਂ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਾ ਹਾਂ ਕਿ ਉਹ ਪੂਰੀ ਮਿਹਨਤ ਕਰਨ ਅਤੇ ਆਸਦੀਪ ਸਿੰਘ ਵਾਂਗ ਹੀ ਪੰਜਾਬ ਦੀ ਨਵੀਂ ਆਸ ਬਣਨ।
ਸ: ਆਸਦੀਪ ਸਿੰਘ ਨੂੰ ਜੱਜ ਬਣਨ ਤੇ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਮੂੰਹ ਮਿੱਠਾ ਕਰਵਾਉਂਦੇ ਹੋਏ।
ਸ: ਈ.ਟੀ.ਓ. ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਆਪਣੇ 18 ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ 37000 ਤੋਂ ਵੱਧ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਹਨ। ਉਨਾਂ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਵੱਲ ਨਹੀਂ ਜਾਣਾ ਚਾਹੀਦਾ ਹੈ, ਸਗੋਂ ਇਥੇ ਰਹਿ ਕੇ ਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਆਪਣਾ ਯੋਗਦਾਨ ਪਾਉਣ। ਉਨਾਂ ਕਿਹਾ ਕਿ ਸਾਡੀ ਸਰਕਾਰ ਨੇ ਬਿਨਾਂ ਕਿਸੇ ਭੇਦਭਾਵ, ਸਿਫਾਰਸ਼ ਕੇਵਲ ਯੋਗਤਾ ਦੇ ਆਧਾਰ ਤੇ ਹੀ ਨੌਕਰੀਆਂ ਦਿੱਤੀਆਂ ਹਨ ਅਤੇ ਸਾਡੀ ਸਰਕਾਰ ਭ੍ਰਿਸ਼ਟਾਚਾਰ ਪ੍ਰਤੀ ਜੀਰੋ ਟਾਲਰੈਂਸ ਨੀਤੀ ਤੇ ਕੰਮ ਕਰ ਰਹੀ ਹੈ।