ਅਮ੍ਰਿਤਸਰ 2 ਜਨਵਰੀ ( ਸਾਹਿਲ ਗੁਪਤਾ) : ਸ਼੍ਰੋਮਣੀ ਅਕਾਲੀ ਦਲ ਨੂੰ ਐਤਵਾਰ ਪਵਿੱਤਰ ਨਗਰੀ ਅਤੇ ਖਾਸ ਕਰਕੇ ਉੱਤਰੀ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਸੰਯੁਕਤ ਸਕੱਤਰ ਅਤੇ ਸਾਬਕਾ ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਹੁਲਾਰਾ ਮਿਲਿਆ ਹੈ।
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਕੇਸ਼ ਕੁਮਾਰ ਦੀ ਰਿਹਾਇਸ਼ ’ਤੇ ਜਾ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਸਾਬਕਾ ਏਡੀਸੀ ਵੱਖ-ਵੱਖ ਸਮਾਜ ਭਲਾਈ ਕਾਰਜਾਂ ਲਈ ਜਾਣੇ ਜਾਂਦੇ ਸਨ ਅਤੇ ਉਨ੍ਹਾਂ ਨੇ ਇੱਕ ਕਵੀ ਵਜੋਂ ਵੀ ਆਪਣਾ ਨਾਂਅ ਰੌਸ਼ਨ ਕੀਤਾ ਸੀ। ਇਹ ਦੱਸਦੇ ਹੋਏ ਕਿ ਪਾਰਟੀ ਉਨ੍ਹਾਂ ਦੀਆਂ ਸੇਵਾਵਾਂ ਦੀ ਸਹੀ ਵਰਤੋਂ ਕਰੇਗੀ, ਬਾਦਲ ਨੇ ਇਸ ਮੌਕੇ ਰਾਕੇਸ਼ ਕੁਮਾਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ। ਰਾਕੇਸ਼ ਕੁਮਾਰ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਤਨਦੇਹੀ ਨਾਲ ਸੇਵਾ ਕਰਨਗੇ ਅਤੇ ਉਨ੍ਹਾਂ ਨੇ ਉੱਤਰੀ ਹਲਕੇ ਤੋਂ ਸਾਬਕਾ ਮੰਤਰੀ ਅਨਿਲ ਜੋਸ਼ੀ ਦੀ ਜਿੱਤ ਲਈ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ‘ਤੇ ਮੌਜੂਦ ਅਨਿਲ ਜੋਸ਼ੀ ਨੇ ਵੀ ਰਾਕੇਸ਼ ਕੁਮਾਰ ਵੱਲੋਂ ਸਰਕਾਰੀ ਸੇਵਾ ਵਿੱਚ ਆਪਣੀ ਲੰਬੀ ਪਾਰੀ ਦੌਰਾਨ ਅਤੇ ਬਾਅਦ ਵਿੱਚ ਵੀ ਕਮਜ਼ੋਰ ਵਰਗਾਂ ਦੀ ਭਲਾਈ ਲਈ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ।