ਫਗਵਾੜਾ 14 ਮਾਰਚ(ਬਿਊਰੋ) : ਪੰਜਾਬ ਵਿੱਚ 10 ਮਾਰਚ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਸਨ, ਜਿਸ ਤੋਂ ਬਾਅਦ ਇਹ ਸਾਫ ਹੋ ਗਿਆ ਕਿ ਪੰਜਾਬ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਉਥੇ ਹੀ ਅਜੇ ਅਧਿਕਾਰਿਤ ਤੌਰ ’ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨਹੀਂ ਕਿ ‘ਆਪ’ ਵਰਕਰ ਆਪਸ ਵਿੱਚ ਹੀ ਭਿੜ ਪਏ। ਇਹ ਮਾਮਲਾ ਫਗਵਾੜਾ ਹਲਕੇ ਦਾ ਹੈ ਜਿਥੇ ‘ਆਪ’ ਵੱਲੋਂ ਚੋਣ ਲੜ ਚੁੱਕੇ ਜੋਗਿੰਦਰ ਸਿੰਘ ਮਾਨ ਦੇ ਰਾਈਟ ਹੈਂਡ ਮੰਨੇ ਜਾਂਦੇ ਇੰਦਰਜੀਤ ਖਲੀਆਣ ਅਤੇ ‘ਆਪ’ ਵੱਲੋਂ 2019 ਵਿੱਚ ਚੋਣ ਲੜ ਚੁੱਕੇ ਸੰਤੋਸ਼ ਗੋਗੀ ਦੇ ਸਮਰਥਕਾਂ ਆਪਸ ਵਿਚ ਹੱਥੋਂ ਪਾਈ ਹੋ ਗਏ, ਇਹ ਲੜਾਈ ਇੰਨੀ ਵੱਧ ਗਈ ਕਿ ਵਰਕਰਾਂ ਨੇ ਇਕ ਦੂਜੇ ਦੇ ਜੁੱਤੀਆਂ-ਥੱਪੜ ਮਾਰਦਿਆਂ ਗਾਲੀ ਗਲੋਚ ਵੀ ਕੀਤਾ।
ਇਸ ਬਾਰੇ ਗੋਗੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਲੱਡੂ ਵੰਡ ਰਹੇ ਸਨ ਤਾਂ ਇੰਦਰਜੀਤ ਖਲੀਆਣ ਦੇ ਵੱਲੋਂ ਲੜਾਈ ਸ਼ੁਰੂ ਕੀਤੀ ਗਈ।
ਉਧਰ ਹੀ ਇਸ ਬਾਰੇ ਜੋਗਿੰਦਰ ਸਿੰਘ ਮਾਨ ਦੇ ਰਾਈਟ ਹੈਂਡ ਇੰਦਰਜੀਤ ਖਲੀਆਣ ਨੇ ਦੱਸਿਆ ਕਿ ਉਹ ਰੈਲੀ ਤੋਂ ਵਾਪਸ ਜਦੋਂ ਪਿੰਡ ਆ ਰਿਹਾ ਸੀ ਤਾਂ ਇਸ ਦੌਰਾਨ ਰਸਤੇ ’ਚ ਗੋਗੀ ਤੇ ਉਸ ਦੇ ਸਮਰਥਕਾਂ ਵਲੋਂ ਰਸਤੇ ’ਚ ਕਾਫੀ ਝੁਰਮਟ ਪਾਇਆ ਹੋਇਆ ਸੀ, ਜਿਸ ਦੌਰਾਨ ਮੈਂ ਉਨ੍ਹਾਂ ਨੂੰ ਥੋੜਾ ਸਾਈਡ ’ਤੇ ਹੋਣ ਲਈ ਕਿਹਾ ਇੰਨੇ ਵਿਚ ਹੀ ਉਨ੍ਹਾਂ ਵਲੋਂ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ‘ਆਪ’ ਵਰਕਰਾਂ ਦੀ ਇਸ ਲੜਾਈ ਤੋਂ ਬਾਅਦ ਫਗਵਾੜਾ ਹਲਕੇ ਵਿੱਚ ਚਰਚਾ ਬਣੀ ਹੋਈ ਹੈ ਕਿ ਹਾਲੇ ਤਾਂ ਆਮ ਆਦਮੀ ਪਾਰਟੀ ਦੀ ਅਧਿਕਾਰਿਤ ਤੌਰ ’ਤੇ ਸਰਕਾਰ ਵੀ ਨਹੀਂ ਬਣੀ ਅਤੇ ਇਸ ਤੋਂ ਪਹਿਲਾਂ ਹੀ ਇਹ ਹਾਲ ਹੋ ਗਿਆ ਆਉਣ ਵਾਲੇ 5 ਸਾਲਾਂ ਵਿੱਚ ਪੰਜਾਬ ਦੇ ਲੋਕਾਂ ਨਾਲ ‘ਆਪ’ ਵਾਲਿਆਂ ਦਾ ਕੀ ਰਵੱਈਆ ਰਹੇਗਾ ਕੀ ਹਾਲ ਹੋਵੇਗਾ?