ਜਗਰਾਓਂ 9 ਮਈ (ਬਿਊਰੋ) : ਪਿਛਲੇ 47 ਦਿਨਾਂ ਤੋਂ ਪੁਲਿਸ ਅਧਿਕਾਰੀਆਂ ਅਤੇ ਹੋਰਨਾਂ ਦੀ ਗਿਰਫਤਾਰੀ ਨਾ ਕਰਨ ਖਿਲਾਫ ਧਰਨੇ ‘ਤੇ ਬੈਠੇ ਪੀੜਿਤ ਪਰਿਵਾਰ ਮੇਮ੍ਬਰਾਂ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨਾਲ ਆਮ ਆਦਮੀ ਪਾਰਟੀ ਦੀ ਜਗਰਾਓਂ ਤੋਂ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਵੀ ਆਪਣੀ ਸਰਕਾਰ ਖਿਲਾਫ ਧਰਨੇ ‘ਤੇ ਬੈਠ ਗਏ। ਧਰਨਾਕਾਰੀ ਜੱਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਅੱਜ ਤੱਪਦੀ ਧੁੱਪ ਵਿੱਚ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਦਫ਼ਤਰ ਅੱਗੇ ਕਰੀਬ 2 ਘੰਟੇ ਰੋਸ ਮੁਜ਼ਾਹਰਾ ਕੀਤਾ। ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਸੰਗੀਨ ਧਾਰਾਵਾਂ ਦੇ ਦੋਸ਼ੀਆਂ ਨਾਲ ਰਲ਼ੇ ਹੋਏ ਹਨ ਅਤੇ ਜਾਣਬੁੱਝ ਕੇ ਗ੍ਰਿਫਤਾਰੀ ਨਾਂ ਕਰਕੇ ਕਾਨੂੰਨ ਦੀਆਂ ਧੱਜ਼ੀਆਂ ਉਡਾ ਰਹੇ ਹਨ।
ਉਨ੍ਹਾਂ ਕਿਹਾ ਕਿ 15 ਜਨਤਕ ਜੱਥੇਬੰਦੀਆਂ ਵਲੋਂ ਸਥਾਨਕ ਥਾਣਾ ਸਿਟੀ ਅੱਗੇ 23 ਮਾਰਚ ਤੋਂ ਅਣਮਿਥੇ ਸਮੇਂ ਦਾ ਧਰਨਾ ਲਗਾਇਆ ਹੋਇਆ ਹੈ। ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਨਵੇਂ ਦਫ਼ਤਰ ਅੱਗੇ ਲਗਾਏ ਧਰਨੇ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ ਭਾਵੇਂ ਅੱਧੇ ਕੁ ਘੰਟੇ ਬਾਅਦ ਧਰਨਾਕਾਰੀਆਂ ਨਾਲ ਧਰਨੇ ਵਿੱਚ ਬੈਠ ਗਈ ਪਰ ਬੀਬੀ ਨੇ ਦੋਸ਼ੀਆ ਦੀ ਗ੍ਰਿਫਤਾਰੀ ਦੇ ਮੁੱਦੇ ‘ਤੇ ਚੁੱਪ ਵੱਟ ਲਈ ਹੈ। ਜਿਸ ਨਾਲ ਕਿਸਾਨ ਜੱਥੇਬੰਦੀਆਂ ਨੂੰ ਨਿਰਾਸ਼ਾ ਹੋਈ ਹੈ।