ਅੰਮ੍ਰਿਤਸਰ/ ਜੰਡਿਆਲਾ ਗੁਰੂ, 21 ਦਸੰਬਰ (ਕੰਵਲਜੀਤ ਸਿੰਘ) : ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੇ ਅਧੀਨ ਚਲ ਰਹੇ ਸਾਡਾ ਨਾਟ ਘਰ ਦੇ 126ਵੇਂ ਸ਼ੋ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਪ੍ਰਸਿੱਧ ਸੰਗੀਤਕਾਰ ਮਨਜੀਤ ਅਤੇ ਸਮਾਜ ਸੇਵਿਕਾ ਮੈਡਮ ਪਰਵਿੰਦਰ ਕੌਰ ਨੇ ਸ਼ਿਰਕਤ ਕੀਤੀ। ਨਸ਼ਿਆਂ ਦੇ ਵਿਰੁੱਧ ਇਕ ਬਹੁਤ ਹੀ ਖੂਬਸੂਰਤ ਤੇ ਭਾਵੁਕ ਕਰਨ ਵਾਲੇ ਨਾਟਕ ” ਸਰਹੱਦਾਂ ਹੋਰ ਵੀ ਨੇ” ਦੀ ਪੇਸ਼ਕਾਰੀ ਨੇ ਦਰਸ਼ਕਾਂ ਮਨ ਮੋਹ ਕੇ ਰੱਖ ਦਿੱਤਾ। ਹਾਊਸਫੁੱਲ ਰਹੇ ਸਾਡਾ ਨਾਟ ਘਰ ਦੇ ਇਸ ਸ਼ੋ ਦੇ ਕਲਾਕਾਰਾਂ ਨੇ ਆਪਣੀ ਕਲਾ ਨਾਲ ਮੁੱਖ ਮਹਿਮਾਨਾਂ ਨੂੰ ਏਨਾ ਪ੍ਰਭਾਵਿਤ ਕੀਤਾ ਕੇ ਓਹਨਾਂ ਨੇ ਇਸ ਸਟੇਜ ਨੂੰ ਕਲਾਕਾਰਾਂ ਲਈ ਵਰਦਾਨ ਦੱਸਿਆ ।
ਧਾਰਮਿਕ ਗੀਤਾਂ, ਸ਼ਬਦਾਂ ਦੀ ਪੇਸ਼ਕਾਰੀ ਦੇ ਇਲਾਵਾ ਇਕਵਾਕ ਸਿੰਘ ਪੱਟੀ ਵੱਲੋਂ ਵੱਡੇ ਸਾਹਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੇ ਬਹੁਤ ਬਾਰੀਕੀ ਨਾਲ ਚਾਨਣਾ ਪਾਇਆ। ਇਸ ਮੌਕੇ ਮਨਜੀਤ ਬਿੱਲਾ, ਬਲਵਿੰਦਰ ਸਿੰਘ, ਮਨਿੰਦਰ ਸਿੰਘ ਨੌਸ਼ਿਹਰਾ ਅਤੇ ਹੋਰ ਵੀ ਪਤਵੰਤੇ ਸੱਜਣ ਉਚੇਚੇ ਤੌਰ ਤੇ ਹਾਜ਼ਿਰ ਰਹੇ। ਜ਼ਿਕਰਯੋਗ ਹੈ ਕਿ ਕਲਾ ਦਾ ਮੰਦਿਰ ਸਾਡਾ ਨਾਟ ਘਰ ਪਿਛਲੇ ਦੋ ਸਾਲਾਂ ਤੋਂ ਹਰ ਸੋਮਵਾਰ ਵੱਖ ਵੱਖ ਤਰਾਂ ਦੇ ਸਮਾਜਿਕ, ਧਾਰਮਿਕ ਅਤੇ ਇਤਿਹਾਸਕ ਨਾਟਕਾਂ ਦੀ ਪੇਸ਼ਕਾਰੀ ਕਰਦਾ ਆ ਰਿਹਾ ਹੈ।
ਇਸ ਸਟੇਜ ਤੇ ਬਹੁਤ ਸਾਰੇ ਕਲਾਕਾਰਾਂ ਨੇ ਕਲਾ ਦੇ ਖੇਤਰ ਚ ਉਡਾਣ ਭਰੀ ਹੈ। ਸਾਡਾ ਨਾਟ ਘਰ ਦੀ ਸਟਾਰ ਕਲਾਕਾਰ ਅਨਮੋਲ ਸਿੰਘਾ, ਹਰਮਨਪ੍ਰੀਤ, ਸ਼ਰਨਜੀਤ ਰਟੌਲ, ਯੁਵਰਾਜ ਸਿੰਘ ਅਤੇ ਪਰਮਜੀਤ ਸਿੰਘ ਬਾਲੀਵੁੱਡ ਅਤੇ ਪਾਲੀਵੁੱਡ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਰਹੇ ਹਨ। ਅਗਲੇ ਸੋਮਵਾਰ 127 ਵੇਂ ਸ਼ੋ ਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਨਾਟਕ ਦੀ ਪੇਸ਼ਕਾਰੀ ਦੇ ਨਾਲ ਦੁੱਧ ਦਾ ਲੰਗਰ ਵੀ ਲਗਾਇਆ ਜਾਵੇਗਾ।