ਅੰਮ੍ਰਿਤਸਰ/ਜੰਡਿਆਲਾ ਗੁਰ, 26 ਜੂਨ (ਕੰਵਲਜੀਤ ਸਿੰਘ) : ਅੰਮ੍ਰਿਤਸਰ ਮਹਿਤਾ ਰੋਡ ਜਿਸ ਨੂੰ ਚੌੜਿਾ ਕਰਕੇ ਬਣਾਉਣ ਦਾ ਕੰਮ ਬੜੀ ਤੇਜ਼ੀ ਨਾਲ ਸ਼ੁਰੂ ਕੀਤਾ ਗਿਆ ਸੀ, ਇੱਥੋਂ ਤੱਕ ਕਿ ਕਸਬਿਆਂ ਵਿਚਲੇ ਦੁਕਾਨਦਾਰਾਂ ਨੂੰ ਬੜੀ ਸਖਤੀ ਨਾਲ ਉਜਾੜਿਆ ਗਿਆ ਸੀ ਅਤੇ ਇੰਝ ਲੱਗਦਾ ਸੀ ਕਿ ਸ਼ਾਇਦ 2024 ਵਿੱਚ ਹੀ ਇਸ ਸੜਕ ਦਾ ਕੰਮ ਨੇਪਰੇ ਚੜ ਜਾਵੇਗਾ । ਪਰ ਪਿਛਲੇ ਕੁਝ ਸਮੇਂ ਤੋਂ ਸੁਸਤ ਚਾਲ ਤੇ ਬੰਦ ਪਏ ਸੜਕ ਦੇ ਨਿਰਮਾਣ ਦੇ ਕੰਮ ਕਾਰਨ ਜਿੱਥੇ ਦੁਕਾਨਦਾਰਾਂ ਦੀ ਮਸ਼ੀਨਰੀ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਇਹ ਮਿਸਾਲ ਵੀ ਪੈਦਾ ਕਰ ਦਿੱਤੀ ਹੈ ਕਿ ਸੜਕ ਬਣੇ ਜਾਂ ਨਾ ਬਣੇ ਪਰ ਆਮ ਲੋਕਾਂ ਦਾ ਉਜਾੜਾ ਕਰਕੇ ਸਰਕਾਰ ਨੇ ਦੁਕਾਨਦਾਰਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਗਿਆ।
ਅੰਮ੍ਰਿਤਸਰ ਮਹਿਤਾ ਰੋਡ ਦੇ ਅੱਡਾ ਖਜਾਲਾ, ਡੱਡੂਆਣਾ, ਬੋਪਾਰਾਏ, ਚੁਗਾਵਾਂ, ਨਾਥ ਦੀ ਖੂਹੀ, ਗੁਰੂ ਕੀ ਬੇਰ ਸਾਹਿਬ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਸੜਕ ਬਣਾਉਣ ਦਾ ਕੰਮ ਇਸ ਵੇਲੇ ਠੱਪ ਹੋ ਚੁੱਕਾ ਹੈ ਦੁਕਾਨਦਾਰਾਂ ਨੂੰ ਉਜਾੜ ਕੇ ਮਹਿੰਗੇ ਰੇਟ ਕਿਰਾਏ ਤੇ ਦੁਕਾਨਾਂ ਲੈਣ ਲਈ ਮਜ਼ਬੂਰ ਕੀਤਾ ਗਿਆ ਸੀ । ਦੁਕਾਨਦਾਰ ਤੇ ਇਲਾਕੇ ਦੇ ਲੋਕ ਇਸ ਗੱਲ ਤੋਂ ਖੁਸ਼ ਸਨ ਕਿ ਸੜਕ ਸ਼ਾਇਦ ਬਣ ਜਾਵੇਗੀ, ਪਰ ਹੋਇਆ ਇਸ ਦੇ ਉਲਟ ਤੇ ਸੜਕ ਬਣਾਉਣ ਦਾ ਕੰਮ ਧੀਮੀ ਗਤੀ ਨਾਲ ਚੱਲਣ ਕਾਰਨ ਪਿਛਲੇ ਕਰੀਬ ਡੇਢ ਸਾਲ ਤੋਂ ਲੋਕ ਮਿੱਟੀ ਘੱਟਾ ਫਕ ਰਹੇ ਹਨ । ਸੜਕ ਵਿੱਚ ਲੱਗੇ ਮਿੱਟੀ ਦੇ ਢੇਰ ਮਸ਼ੀਨਰੀ ਖਰਾਬ ਕਰ ਰਹੇ ਹਨ ਬੱਸਾਂ ਕਾਰਾਂ ਤੇ ਹੋਰ ਵਹੀਕਲਾ ਰਾਹੀਂ ਇਹ ਮਿੱਟੀ ਘੱਟਾ ਸਿੱਧਾ ਦੁਕਾਨਦਾਰਾਂ ਦੀਆਂ ਦੁਕਾਨਾਂ ਵਿੱਚ ਆ ਰਿਹਾ ਹੈ, ਜਿਸ ਨਾਲ ਦੁਕਾਨਦਾਰਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ।
ਇਥੇ ਵਰਨਣਯੋਗ ਹੈ ਕਿ ਪਹਿਲਾਂ ਤਾਂ ਸੜਕ ਨਿਰਮਾਣ ਕਰਨ ਵਾਲੀ ਕੰਪਨੀ ਵੱਲੋਂ ਸੜਕ ਤੇ ਪਾਣੀ ਪਾਇਆ ਜਾਂਦਾ ਸੀ ਪਰ ਹੁਣ ਕਾਫੀ ਚਿਰ ਤੋਂ ਇਹ ਵੀ ਬੰਦ ਹੈ । ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੱਡਾ ਖੁਜਾਲਾ ਦੇ ਦੁਕਾਨਦਾਰਾਂ ਤੇ ਆਮ ਲੋਕਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਚੰਗੇ ਭਲੇ ਵੱਸਦੇ ਲੋਕਾਂ ਦਾ ਉਜਾੜਾ ਕਰਕੇ ਰੱਖ ਦਿੱਤਾ ਸੀ, ਪਰ ਹੁਣ ਕਰੀਬ ਤਿੰਨ ਮਹੀਨਿਆਂ ਤੋਂ ਇਹ ਕੰਮ ਬਿਲਕੁਲ ਬੰਦ ਪਿਆ ਹੈ। ਕਿਸੇ ਵੀ ਥਾਂ ਤੇ ਸੜਕ ਦਾ ਕੰਮ ਨਹੀਂ ਚੱਲ ਰਿਹਾ ਇਥੋਂ ਤੱਕ ਕਿ ਪਿੰਡ ਬੋਪਾਰਾਏ ਦੇ ਕੋਲ ਬਣੇ ਸੜਕ ਨਿਰਮਾਣ ਦੇ ਪਲਾਟ ਵਿੱਚ ਵੀ ਉਜਾੜਾ ਦਿਖ ਰਿਹਾ ਹੈ ਕਿਉਂਕਿ ਕੋਈ ਵੀ ਮੁਲਾਜ਼ਮ ਉਥੇ ਮੌਜੂਦ ਨਹੀਂ ਹੈ । ਇਸ ਸਬੰਧੀ ਪਲਾਟ ਤੇ ਸਥਿਤ ਮੁਲਾਜ਼ਮਾਂ ਨਾਲ ਜਦੋਂ ਸੰਪਰਕ ਕਰਕੇ ਜਾਨਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਸੜਕ ਕਦੋਂ ਬਣੇਗੀ ਤਾਂ ਉਹਨਾਂ ਦਾ ਜਵਾਬ ਸੀ ਕਿ ਸਾਨੂੰ ਕੁਝ ਪਤਾ ਨਹੀਂ । ਇਸ ਲਈ ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਹਿਤਾ ਰੋਡ ਸੜਕ ਦਾ ਕੰਮ ਜਲਦ ਮੁਕੰਮਲ ਕੀਤਾ ਜਾਵੇ ਤਾਂ ਕਿ ਸਾਰੇ ਅੱਡਿਆਂ ਦੇ ਦੁਕਾਨਦਾਰ ਤੇ ਆਮ ਲੋਕਾਂ ਨੂੰ ਰਹੀਆਂ ਪ੍ਰੇਸ਼ਾਨੀਆਂ ਨੂੰ ਦੂਰ ਕੀਤਾ ਜਾ ਸਕੇ।