ਬਠਿੰਡਾ, (ਸੁਰੇਸ਼ ਰਹੇਜਾ) : ਅੱਜ ਇੱਥੇ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਚੋਣਾਂ ਅਮਨ-ਅਮਾਨ ਤੇ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚੜੀਆਂ। ਜ਼ਿਲੇ ’ਚ ਕੁੱਲ 213 ਵਾਰਡਾਂ ਲਈ 341 ਪੋਲਿੰਗ ਸਟੇਸ਼ਨਾਂ ’ਤੇ 79.01 ਫ਼ੀਸਦੀ ਪੋਲਿੰਗ ਹੋਈ। ਪੋਲ ਹੋਈਆਂ ਵੋਟਾਂ ਦੇ ਨਤੀਜ਼ੇ 17 ਫ਼ਰਵਰੀ ਨੂੰ ਘੋਸ਼ਿਤ ਕੀਤੇ ਜਾਣਗੇ। ਇਹ ਜਾਣਕਾਰੀ ਜ਼ਿਲਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ. ਬੀ.ਸ੍ਰੀਨਿਵਾਸਨ ਨੇ ਦਿੱਤੀ।
ਜ਼ਿਲਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ. ਬੀ.ਸ੍ਰੀਨਿਵਾਸਨ ਨੇ ਪੋਲ ਹੋਈਆਂ ਵੋਟਾਂ ਬਾਰੇ ਵਿਸਥਾਰਪੂਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਨਗਰ ਨਿਗਮ ਲਈ 64.36 ਫ਼ੀਸਦੀ, 6 ਨਗਰ ਕੌਂਸਲਾਂ ’ਚ ਮੌੜ 76.83, ਰਾਮਾਂ ਮੰਡੀ 86.53, ਭੁੱਚੋਂ ਮੰਡੀ 86.26, ਗੋਨਿਆਣਾ 83.83, ਸੰਗਤ 89.86 ਤੇ ਕੋਟਫੱਤਾ ਵਿਖੇ 87.38 ਫ਼ੀਸਦੀ ਪੋਲਿੰਗ ਹੋਈ।ਇਸੇ ਤਰਾਂ ਜ਼ਿਲੇ ਅਧੀਨ ਪੈਂਦੀਆਂ 7 ਨਗਰ ਪੰਚਾਇਤਾਂ ’ਚ ਕੋਠਾਗੁਰੂ 75.11, ਭਗਤਾ ਭਾਈਕਾ 81.19, ਮਲੂਕਾ 81.3, ਭਾਈਰੂਪਾ 81.92, ਮਹਿਰਾਜ 74.07, ਨਥਾਣਾ 78.54 ਤੇ ਕੋਟਸ਼ਮੀਰ ਵਿਖੇ 88.34 ਫ਼ੀਸਦੀ ਪੋਲਿੰਗ ਹੋਈ।
ਜ਼ਿਲਾ ਚੋਣ ਅਫ਼ਸਰ ਨੇ ਇਨਾਂ ਸਥਾਨਕ ਚੋਣਾਂ ਨੂੰ ਸਫ਼ਲਤਾਪੂਰਵਕ ਨੇਪਰੇ ਚੜਾਉਣ ’ਚ ਸਿਵਲ ਪ੍ਰਸ਼ਾਸਨ ਦੇ ਕਰੀਬ 1600 ਤੇ ਪੁਲਿਸ ਪ੍ਰਸ਼ਾਸਨ ਦੇ ਲਗਭਗ 2500 ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ’ਤੇ ਸ਼ਲਾਘਾ ਕੀਤੀ।