ਜਲੰਧਰ 27 ਅਕਤੂਬਰ (ਬਾਦਲ ਗਿੱਲ) : ਐਨ ਆਰ ਆਈ ਅਤੇ ਲੋਕਲ ਧੋਖੇਬਾਜ਼ ਲਾੜੇ ਅਤੇ ਲਾੜੀਆਂ ਦੇ ਖਿਲਾਫ ਸੰਘਰਸ਼ ਕਰਨ ਵਾਲੀ ਸੰਸਥਾ ਅਬਨਹੀ ਵੈੱਲਫੇਅਰ ਸੁਸਾਇਟੀ (ਰਜਿ ) ਵੱਲੋਂ ਆਪਣੀ ਇੱਕ ਬ੍ਰਾਂਚ ਜਲੰਧਰ ਵਿੱਚ ਖੋਲਣ ਲਈ ਸਮਾਜ ਸੇਵੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਅਬ ਨਹੀਂ ਉਹ ਸੰਸਥਾ ਹੈ ਜਿਸਨੇ ਧੋਖੇਬਾਜ਼ ਪਤੀਆਂ ਅਤੇ ਪਤਨੀਆਂ ਦੇ ਪਾਸਪੋਰਟ ਰੱਦ ਕਰਵਾਉਣ ਲਈ ਜਲੰਧਰ ਸ਼ਹਿਰ ਦੀਆਂ ਸੜਕਾਂ ਤੇ ਉਤਰ ਕੇ ਸਰਕਾਰ ਦੇ ਤਖ਼ਤ ਨੂੰ ਹਲੂਣਿਆਂ ਸੀ। ਇਸ ਸਬੰਧੀ ਇੱਕ ਮੀਟਿੰਗ ਅੱਜ ਅਬਨਹੀ ਦੇ ਮੀਤ ਪ੍ਰਧਾਨ ਸ੍ ਰਣਜੀਤ ਸਿੰਘ ਅਤੇ ਲੁਧਿਆਣਾ ਸ਼ਹਿਰੀ ਇੰਚਾਰਜ ਤਰਨਪ੍ਰੀਤ ਕੌਰ ਦੀ ਪ੍ਰਧਾਨਗੀ ਹੇਠ ਜਲੰਧਰ ਵਿੱਚ ਹੋਈ।ਜਿਸ ਵਿੱਚ ਸਿਮਰਨਪਾਲ ਸਿੰਘ, ਰਵਿੰਦਰ ਸਿੰਘ, ਸੁਰਿੰਦਰ ਸਿੰਘ, ਹਰਪ੍ਰੀਤ ਸਿੰਘ, ਗਗਨਦੀਪ ਕੌਰ ( ਸਾਰੇ ਹੀ ਅਧਿਆਪਕ) ਨੂੰ ਨਵੀਂ ਟੀਮ ਵਿੱਚ ਜੋੜਿਆ ਗਿਆ।
ਅਧਿਆਪਕ ਸਮਾਜ ਨੂੰ ਸੇਧ ਦੇਣ ਲਈ ਜਾਣੇ ਜਾਂਦੇ ਹਨ। ਇਨ੍ਹਾਂ ਵਾਅਦਾ ਕੀਤਾ ਕਿ ਅਸੀਂ ਆਪਣੀ ਮਿਹਨਤ ਤੇ ਲਗਨ ਨਾਲ ਅਬ ਨਹੀਂ ਵੱਲੋਂ ਸੌਂਪਿਆ ਗਿਆ ਕੰਮ ਪੂਰਾ ਕਰਕੇ ਸਮਾਜ ਦੇ ਇਸ ਕੋਹੜ ਨੂੰ ਘੱਟ ਕਰਨ ਲਈ ਤਿਆਰ ਹਾਂ।ਇਸ ਮੌਕੇ ਜਦੋਂ ਪੱਤਰਕਾਰਾਂ ਵੱਲੋਂ ਅਬ ਨਹੀਂ ਦੇ ਚੇਅਰਮੈਨ ਸ੍ਰੀ ਰਕੇਸ਼ ਸ਼ਰਮਾ ਅਤੇ ਮੁੱਖ ਇੰਚਾਰਜ ਸਤਵਿੰਦਰ ਕੌਰ ਸੱਤੀ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਬ ਨਹੀਂ ਧੋਖੇਬਾਜ਼ਾਂ ਦੇ ਖਿਲਾਫ ਲੜਾਈ ਕਦੇ ਬੰਦ ਨਹੀਂ ਕਰੇਗੀ। ਸਾਡੀ ਕੋਸ਼ਿਸ਼ ਹੈ ਕਿ ਆਪਸੀ ਗੱਲਬਾਤ ਰਾਹੀਂ ਇਨ੍ਹਾਂ ਮਸਲਿਆਂ ਨੂੰ ਸੁਲਝਾਉਣ ਲਈ ਅਸੀਂ ਤੱਤਪਰ ਹਾਂ। ਜੋ ਨਹੀਂ ਸਮਝਦੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਲਈ ਅਸੀਂ ਹਮੇਸ਼ਾ ਸੱਚ ਦੇ ਨਾਲ ਖੜ੍ਹੇ ਰਹਾਂਗੇ।