ताज़ा खबरपंजाब

ਮੀਡੀਆ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮੀਡੀਆ ਸੰਗਠਨਾਂ ਤੇ ਅਦਾਰਿਆਂ ਨੂੰ ਇਕਮੁੱਠ ਹੋਣ ਦੀ ਲੋੜ

ਪੰਜਾਬ ਪ੍ਰੈੱਸ ਕਲੱਬ ਦੇ ਜਨਰਲ ਇਜਲਾਸ ਵਿਚ ਬੁਲਾਰਿਆਂ ਨੇ ਦਿੱਤੇ ਅਹਿਮ ਸੁਝਾਅ

ਜਲੰਧਰ, 23 ਦਸੰਬਰ (ਕਬੀਰ ਸੋਂਧੀ) : ਦੇਸ਼ ਵਿਚ ਮੀਡੀਆ ਇਸ ਸਮੇਂ ਅੰਦਰੂਨੀ ਅਤੇ ਬਾਹਰੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਜਿਨ੍ਹਾਂ ਦੇ ਹੱਲ ਲਈ ਮੀਡੀਆ ਅਦਾਰਿਆਂ, ਮੀਡੀਆ ਕਰਮੀਆਂ ਦੇ ਸੰਗਠਨਾਂ ਅਤੇ ਪ੍ਰੈੱਸ ਕਲੱਬਾਂ ਨੂੰ ਸਾਂਝੇ ਤੌਰ ‘ਤੇ ਕੰਮ ਕਰਨ ਲਈ ਅੱਗੇ ਪਾਉਣਾ ਪਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਹੋਏ ਸਾਲਾਨਾ ਜਨਰਲ ਇਜਲਾਸ ਵਿਚ ਬੋਲਣ ਵਾਲੇ ਵੱਖ-ਵੱਖ ਬੁਲਾਰਿਆਂ ਵਲੋਂ ਕੀਤਾ ਗਿਆ। 

ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸ੍ਰੀ ਸਤਨਾਮ ਸਿੰਘ ਮਾਣਕ ਵਲੋਂ ਪ੍ਰੈੱਸ ਕਲੱਬ ਦੇ ਇਕ ਸਾਲ ਦੇ ਕੰਮਕਾਜ ਸੰਬੰਧੀ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿਚ ਪ੍ਰੈੱਸ ਕਲੱਬ ਦੀ ਇਮਾਰਤ ਦੀ ਸਾਂਭ-ਸੰਭਾਲ ਲਈ ਹੋਏ ਵਿਕਾਸ ਕਾਰਜਾਂ ਅਤੇ ਪ੍ਰੈੱਸ ਕਲੱਬ ‘ਚ ਹੋਈਆਂ ਸਰਗਰਮੀਆਂ ਦਾ ਵੇਰਵਾ ਦਿੱਤਾ ਗਿਆ ਸੀ। ਇਸ ਰਿਪੋਰਟ ‘ਤੇ ਬਾਅਦ ਵਿਚ ਖੁੱਲ੍ਹੀ ਚਰਚਾ ਹੋਈ, ਜਿਸ ਵਿਚ 16 ਦੇ ਲਗਭਗ ਬੁਲਾਰਿਆਂ ਨੇ ਹਿੱਸਾ ਲਿਆ।

      ਸਰਦਾਰ ਸਤਨਾਮ ਸਿੰਘ ਮਾਣਕ (ਪ੍ਰਧਾਨ ਪੰਜਾਬ ਪ੍ਰੈਸ ਕਲੱਬ)

ਮੀਡੀਆ ਨੂੰ ਦਰਪੇਸ਼ ਬਾਹਰੀ ਚੁਣੌਤੀਆਂ ਦੀ ਚਰਚਾ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਦੇਸ਼ ਵਿਚ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਸੁੰਘੜਦੀ ਜਾ ਰਹੀ ਹੈ। ਲੋਕ ਸਰੋਕਾਰਾਂ ਨਾਲ ਜੁੜੇ ਮੀਡੀਆ ਅਦਾਰਿਆਂ ਤੇ ਮੀਡੀਆ ਕਰਮੀਆਂ ਨੂੰ ਸਰਕਾਰਾਂ ਵਲੋਂ ਅਨੇਕਾਂ ਤਰ੍ਹਾਂ ਨਾਲ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਿਨ੍ਹਾਂ ਵਿਚ ਝੂਠੇ ਕੇਸਾਂ ਵਿਚ ਗ੍ਰਿਫ਼ਤਾਰੀਆਂ ਤੱਕ ਵੀ ਸ਼ਾਮਿਲ ਹੁੰਦੀਆਂ ਹਨ। ਵੱਖ-ਵੱਖ ਤਰ੍ਹਾਂ ਦੀਆਂ ਸਵਾਰਥੀ ਲਾਬੀਆਂ ਵਲੋਂ ਵੀ ਮੀਡੀਆ ਕਰਮੀਆਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਧਮਕੀਆਂ ਮਿਲਦੀਆਂ ਹਨ ਅਤੇ ਉਨ੍ਹਾਂ ‘ਤੇ ਕਾਤਲਾਨਾ ਹਮਲੇ ਵੀ ਕਰਵਾਏ ਜਾਂਦੇ ਹਨ। ਇਨ੍ਹਾਂ ਵਰਤਾਰਿਆਂ ਵਿਰੁੱਧ ਮੀਡੀਆ ਕਰਮੀਆਂ ਤੇ ਮੀਡੀਆ ਸੰਗਠਨਾਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਮੀਡੀਆ ਨੂੰ ਦਰਪੇਸ਼ ਅੰਦਰੂਨੀ ਚੁਣੌਤੀਆਂ ਬਾਰੇ ਵਿਚਾਰ ਪ੍ਰਗਟ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਸਮਿਆਂ ਵਿਚ ਤਕਨੀਕੀ ਤੌਰ ‘ਤੇ ਮੀਡੀਆ ਦਾ ਬਹੁਤ ਵਿਕਾਸ ਤੇ ਵਿਸਥਾਰ ਹੋਇਆ ਹੈ। ਸੋਸ਼ਲ ਮੀਡੀਆ ਦੇ ਰੂਪ ਵਿਚ ਮੀਡੀਆ ਦੇ ਨਵੇਂ ਪਲੇਟਫਾਰਮ ਸਥਾਪਿਤ ਹੋਏ ਹਨ, ਜਿਸ ਨਾਲ ਮੀਡੀਆ ਕਰਮੀਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਚੋਖੇ ਮਾਧਿਅਮ ਮਿਲੇ ਹਨ। ਪਰ ਇਸ ਦੇ ਨਾਲ ਹੀ ਮੀਡੀਆ ਦੇ ਅਕਸ ਅਤੇ ਵਕਾਰ ਵਿਚ ਵੱਡੀ ਗਿਰਾਵਟ ਵੀ ਆਈ ਹੈ, ਕਿਉਂਕਿ ਮੀਡੀਆ ਵਿਚ ਅਨੇਕਾਂ ਤਰ੍ਹਾਂ ਦੇ ਅਜਿਹੇ ਲੋਕ ਸ਼ਾਮਿਲ ਹੋ ਗਏ ਹਨ ਜੋ ਨਿੱਜੀ ਸਵਾਰਥਾਂ ਲਈ ਲੋਕਾਂ ਦਾ ਵੱਖ-ਵੱਖ ਢੰਗਾਂ ਨਾਲ ਸੋਸ਼ਣ ਕਰਦੇ ਹਨ। ਅਜਿਹੇ ਅਨਸਰ ਜਿਥੇ ਮੀਡੀਆ ਦਾ ਅਕਸ ਖ਼ਰਾਬ ਕਰ ਰਹੇ ਹਨ, ਉਥੇ ਆਮ ਲੋਕਾਂ ਤੇ ਮੀਡੀਆ ਦਰਮਿਆਨ ਦੂਰੀਆਂ ਅਤੇ ਬੇਵਿਸ਼ਵਾਸੀ ਨੂੰ ਵੀ ਵਧਾ ਰਹੇ ਹਨ। ਇਸ ਸੰਬੰਧੀ ਬੁਲਾਰਿਆਂ ਨੇ ਪ੍ਰੈੱਸ ਕਲੱਬ ਦੀ ਗਵਰਨਿੰਗ ਕੌਂਸਲ ਨੂੰ ਸੁਝਾਅ ਦਿੱਤਾ ਗਿਆ ਕਿ ਪ੍ਰੈੱਸ ਨੂੰ ਦਰਪੇਸ਼ ਵੱਖ-ਵੱਖ ਚੁਣੌਤੀਆਂ ਸੰਬੰਧੀ ਉੱਘੇ ਪੱਤਰਕਾਰਾਂ ਅਤੇ ਬੁੱਧੀਜੀਵੀਆਂ ਨੂੰ ਬੁਲਾ ਕੇ ਸੈਮੀਨਾਰ ਕੀਤੇ ਜਾਣ ਅਤੇ ਇਸ ਬਾਰੇ ਲੋਕ ਚੇਤਨਾ ਵੀ ਵਧਾਈ ਜਾਵੇ। ਗਵਰਨਿੰਗ ਕੌਂਸਲ ਨੂੰ ਬੁਲਾਰਿਆਂ ਵਲੋਂ ਇਹ ਵੀ ਅਹਿਮ ਸੁਝਾਅ ਦਿੱਤਾ ਗਿਆ ਕਿ ਨਵੇਂ ਪੱਤਰਕਾਰਾਂ ਦੀ ਟ੍ਰੇਨਿੰਗ ਲਈ ਅਤੇ ਉਨ੍ਹਾਂ ਵਿਚ ਪੇਸ਼ਾਵਰ ਪ੍ਰਬੀਨਤਾ ਅਤੇ ਜਾਗਰੂਕਤਾ ਪੈਦਾ ਕਰਨ ਲਈ ਵੀ ਸਮੇਂ-ਸਮੇਂ ਮੀਡੀਆ ਮਾਹਿਰਾਂ ਨੂੰ ਬੁਲਾ ਕੇ ਸੈਮੀਨਾਰ ਅਤੇ ਮੀਟਿੰਗਾਂ ਕਰਵਾਈਆਂ ਜਾਣ। ਪ੍ਰੈੱਸ ਕਲੱਬ ਦੇ ਉਕਤ ਸਾਲਾਨਾ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਡਾ. ਲਖਵਿੰਦਰ ਸਿੰਘ ਜੌਹਲ, ਸ. ਕੁਲਦੀਪ ਸਿੰਘ ਬੇਦੀ, ਪ੍ਰੋ. ਕਮਲੇਸ਼ ਦੁੱਗਲ, ਡਾ. ਹਰਜਿੰਦਰ ਸਿੰਘ ਅਟਵਾਲ, ਡਾ. ਸੁਰਿੰਦਰਪਾਲ, ਪਰਮਜੀਤ ਸਿੰਘ ਰੰਗਪੁਰੀ, ਸੰਦੀਪ ਸ਼ਾਹੀ, ਆਗਿਆਪਾਲ ਸਿੰਘ ਰੰਧਾਵਾ, ਰਾਕੇਸ਼ ਸ਼ਾਂਤੀਦੂਤ, ਪ੍ਰੋ. ਤੇਜਿੰਦਰ ਵਿਰਲੀ, ਨਰਿੰਦਰ ਬੰਗਾ, ਗੁਰਪ੍ਰੀਤ ਸਿੰਘ ਸੰਧੂ, ਸੁਕਰਾਂਤ ਸਫ਼ਰੀ, ਬੀਰ ਚੰਦ ਸੁਰੀਲਾ, ਦਵਿੰਦਰ ਕੁਮਾਰ, ਸੁਮਿਤ ਮਹਿੰਦਰੂ ਆਦਿ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨਾਲ ਸੰਬੰਧਿਤ ਪੱਤਰਕਾਰ ਸ਼ਾਮਿਲ ਸਨ। ਇਸ ਅਵਸਰ ‘ਤੇ ਬਹੁਤੇ ਬੁਲਾਰਿਆਂ ਨੇ ਗਵਰਨਿੰਗ ਕੌਂਸਲ ਦੇ ਦੋ ਸਾਲਾਂ ਦੇ ਕੰਮਕਾਜ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਸ੍ਰੀ ਨਰਿੰਦਰ ਬੰਗਾ ਵਲੋਂ ਪ੍ਰੈੱਸ ਕਲੱਬ ਨੂੰ ਆਪਣੇ ਪਰਿਵਾਰ ਵਲੋਂ ਦੋ ਏ.ਸੀ. ਦਾਨ ਵਜੋਂ ਦੇਣ ਦਾ ਵੀ ਐਲਾਨ ਕੀਤਾ ਗਿਆ। 

ਪ੍ਰੈੱਸ ਕਲੱਬ ਦੇ ਸਾਲਾਨਾ ਇਜਲਾਸ ਦੀ ਸ਼ੁਰੂਆਤ ਵਿਛੜੇ ਪੱਤਰਕਾਰਾਂ ਸਵਰਗਵਾਸੀ ਸ੍ਰੀਮਤੀ ਗੀਤਾ ਡੋਗਰਾ (ਸੀਨੀਅਰ ਪੱਤਰਕਾਰ), ਡਾ.ਵਿਪੁਲ ਤ੍ਰਿਖਾ (ਪੱਤਰਕਾਰ, ਯੁੱਗਮਾਰਗ ਅਖ਼ਬਾਰ), ਸ਼੍ਰੀ ਸਵਦੇਸ਼ ਨਨਚਾਹਲ (ਸੰਪਾਦਕ ਸਵਦੇਸ਼ੀ ਲਾਈਵ ਨਿਊਜ਼), ਹਰਜਿੰਦਰ ਬੱਲ, ਸੁਦੇਸ਼ ਸ਼ਰਮਾ, ਅਮਿਤਾ ਸ਼ਰਮਾ ਆਦਿ ਪੱਤਰਕਾਰਾਂ ਨੂੰ ਦੋ ਮਿੰਟ ਮੋਨ ਧਾਰਨ ਕਰਕੇ ਸ਼ਰਧਾਂਜਲੀ ਦੇਣ ਨਾਲ ਹੋਈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਪ੍ਰੈੱਸ ਕਲੱਬ ਦੇ ਸਕੱਤਰ ਮੇਹਰ ਮਲਿਕ ਵਲੋਂ ਸੁਚੱਜੇ ਢੰਗ ਨਾਲ ਨਿਭਾਈ ਗਈ। ਪ੍ਰਧਾਨਗੀ ਮੰਡਲ ਵਿਚ ਗਵਰਨਿੰਗ ਕੌਂਸਲ ਦੇ ਅਹੁਦੇਦਾਰ ਪ੍ਰਧਾਨ ਸਤਨਾਮ ਸਿੰਘ ਮਾਣਕ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਮੀਤ ਪ੍ਰਧਾਨ ਮਨਦੀਪ ਸ਼ਰਮਾ ਤੇ ਤਜਿੰਦਰ ਕੌਰ ਥਿੰਦ, ਸ਼ਿਵ ਸ਼ਰਮਾ ਖ਼ਜ਼ਾਨਚੀ ਆਦਿ ਸ਼ਾਮਿਲ ਸਨ। ਅਖੀਰ ਵਿਚ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ ਵਲੋਂ ਜਨਰਲ ਇਜਲਾਸ ਵਿਚ ਸ਼ਾਮਿਲ ਹੋਣ ਵਾਲੇ ਸਮੂਹ ਪੱਤਰਕਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਜਨਰਲ ਇਜਲਾਸ ਵਿਚ ਪ੍ਰੈੱਸ ਕਲੱਬ ਨਾਲ ਸੰਬੰਧਿਤ ਵੱਡੀ ਗਿਣਤੀ ਵਿਚ ਰੈਗੂਲਰ ਮੈਂਬਰਾਂ ਨੇ ਸ਼ਿਰਕਤ ਕੀਤੀ।

Related Articles

Leave a Reply

Your email address will not be published.

Back to top button