
ਜੰਡਿਆਲਾ ਗੁਰੂ ,19 ਫਰਵਰੀ (ਕੰਵਲਜੀਤ ਸਿੰਘ ਲਾਡੀ) : ਪੜੇ ਲਿਖੇ ਨੌਜਵਾਨ ਬੱਚੇ- ਬੱਚੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਵੱਲੋਂ ਟ੍ਰੇਨਿੰਗ ਦੇਣ ਲਈ ਚਲਾਈ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਂਸ਼ਲਿਆ ਯੋਜਨਾ ਤਹਿਤ ਚਲਾਏ ਜਾ ਰਹੇ ਟ੍ਰੇਨਿੰਗ ਸੈਂਟਰ ਦਾ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਐਸ.ਸੀ .ਮੋਰਚਾ ਦੇ ਜਨਰਲ ਸਕੱਤਰ ਅਤੇ ਹਲਕਾ ਜੰਡਿਆਲਾ ਗੁਰੂ ਦੇ ਭਾਜਪਾ ਇੰਚਾਰਜ ਹਰਦੀਪ ਸਿੰਘ ਗਿੱਲ ਵੱਲੋਂ ਦੌਰਾ ਕੀਤਾ ਗਿਆ । ਇਸ ਦੌਰਾਨ ਉਨ੍ਹਾਂ ਸੈਂਟਰ ਦੇ ਅਧਿਕਾਰੀਆਂ ਕੋਲੋਂ ਯੋਜਨਾ ਸਬੰਧੀ ਵਿਸਥਾਰ ਪੂਰਵ ਜਾਣਕਾਰੀ ਹਾਸਿਲ ਕੀਤੀ । ਇਸ ਟਰੇਨਿੰਗ ਸੈਂਟਰ ਵਿੱਚ ਬੇਸਿਕ ਕੰਪਿਊਟਰ , ਪਰਸਨੈਲਿਟੀ ਡਿਵੈਲਪਮੈਂਟ , ਸਕਿੱਲ ਡਿਵੈਲਪਮੈਂਟ , ਲੋਜਿਸਟਿਕ ਸੈਕਟਰ ਵਿੱਚ ਰੁਜ਼ਗਾਰ ਦਿਵਾਉਣ ਸਬੰਧੀ ਟਰੇਨਿੰਗ ਦਿੱਤੀ ਜਾਂਦੀ ਹੈ । ਹਰਦੀਪ ਸਿੰਘ ਗਿੱਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੋਈ ਵੀ ਬੱਚਾ ਬਾਰਵੀਂ ਦੀ ਵਿਦਿਆ ਤੋਂ ਬਾਅਦ ਬਿਲਕੁਲ ਫਰੀ ਇਸ ਸੈਂਟਰ ਵਿੱਚ ਆ ਕੇ ਟ੍ਰੇਨਿੰਗ ਹਾਸਲ ਕਰ ਸਕਦਾ ਹੈ। ਇੱਥੇ ਮੁਫਤ ਕੰਪਿਊਟਰ ਕਲਾਸਾਂ, ਡਰੈਸ, ਰਹਿਣਾ ਸਹਿਣਾ ਤੇ ਖਾਣਾ ਵਰਗੀਆਂ ਸਹੂਲਤਾਂ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਆਖਿਆ ਕਿ ਕੇਂਦਰ ਦੀ ਸਰਕਾਰ ਵੱਲੋਂ ਲੋਕ ਭਲਾਈ ਲਈ ਅਨੇਕਾਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਸ ਦਾ ਪਿੰਡਾਂ ਦੇ ਗਰੀਬ ਲੋਕਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ । ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੀਆਂ ਯੋਜਨਾਵਾਂ ‘ਤੇ ਆਪਣਾ ਸਟਿੱਕਰ ਲਗਾ ਕੇ ਮਸ਼ਹੂਰੀ ਕਰਨ ਤੱਕ ਹੀ ਸੀਮਤ ਹੈ । ਆਮ ਆਦਮੀ ਕਲੀਨਿਕ ਦੇ ਨਾਮ ਹੇਠ ਖੋਲੇ ਗਏ ਸਿਹਤ ਕੇਂਦਰਾਂ ਦਾ ਸਾਰਾ ਪੈਸਾ ਨੈਸ਼ਨਲ ਹੈਲਥ ਮਿਸ਼ਨ ਤਹਿਤ ਕੇਂਦਰ ਸਰਕਾਰ ਵੱਲੋਂ ਮੁਹਈਆ ਕਰਵਾਇਆ ਜਾ ਰਿਹਾ ਸੀ ਪਰ ਪੰਜਾਬ ਸਰਕਾਰ ਨੇ ਆਪਣੀ ਸਿਹਤ ਕੇਂਦਰਾਂ ਨੂੰ ਪਬਲੀਸਿਟੀ ਤੱਕ ਸੀਮਤ ਰੱਖਣ ਦੀ ਕੋਸ਼ਿਸ਼ ਕੀਤੀ ।
ਹੁਣ ਕੇਂਦਰ ਸਰਕਾਰ ਦੀਆਂ ਸਖਤ ਹਦਾਇਤਾਂ ਤੋਂ ਬਾਅਦ ਸਿਹਤ ਕੇਂਦਰਾਂ ਦਾ ਨਾਮ ਆਯੂਸ਼ਮਾਨ ਆਰੋਗਿਆ ਕੇਂਦਰ ਰੱਖਣ ਲਈ ਪੰਜਾਬ ਸਰਕਾਰ ਮਜ਼ਬੂਰੀ ਹੋਈ ਹੈ । ਹਰਦੀਪ ਸਿੰਘ ਗਿੱਲ ਨੇ ਬੱਚਿਆਂ ਕੋਲੋਂ ਸੈਂਟਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਵੀ ਹਾਸਿਲ ਕੀਤੀ। ਉਨ੍ਹਾਂ ਕਿਹਾ ਪਿੰਡਾਂ ਦੇ ਗਰੀਬ ਅਤੇ ਦਲਿਤ ਭਾਈਚਾਰੇ ਦੇ ਲੋੜਵੰਦ ਬੱਚਿਆਂ ਨੂੰ ਇਸ ਸਹੂਲਤ ਦਾ ਲਾਭ ਉੱਠ ਹੋਣਾ ਚਾਹੀਦਾ ਹੈ। ਟ੍ਰੇਨਿੰਗ ਮਗਰੋਂ ਇਹਨਾਂ ਬੱਚਿਆਂ ਨੂੰ ਕਈ ਮਲਟੀ ਨੈਸ਼ਨਲ ਕੰਪਨੀਆਂ ਵਿੱਚ ਚੰਗੀ ਤਨਖਾਹ ‘ਤੇ ਨੌਕਰੀਆਂ ਉੱਪਰ ਵੀ ਲਗਾਇਆ ਜਾ ਰਿਹਾ ਹੈ । ਇਹ ਕੇਂਦਰ ਸਰਕਾਰ ਦੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵੱਡੀ ਪਹਿਲ ਕਦਮੀ ਹੈ । ਇਸ ਮੌਕੇ ‘ਤੇ ਮੈਨੇਜਰ ਈਦਰੀਸ਼ ਬਸ਼ੀਰ, ਸੈਂਟਰ ਹੈਡ ਅਮੀਰ ਖਾਨ , ਬਲਜਿੰਦਰ ਸਿੰਘ ਅਮਰਕੋਟ , ਸਰਬਜੀਤ ਸਿੰਘ ਵਡਾਲੀ ਤੋਂ ਇਲਾਵਾ ਹੋਰ ਵੀ ਸਟਾਫ ਮੈਂਬਰ ਹਾਜ਼ਰ ਸਨ।