
ਬਾਬਾ ਬਕਾਲਾ ਸਾਹਿਬ, 20 ਫਰਵਰੀ (ਸੁਖਵਿੰਦਰ ਬਾਵਾ) : ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਨਗਰੀ ਬਾਬਾ ਬਕਾਲਾ ਸਾਹਿਬ ਦਾ ਵਿਕਾਸ ਪਹਿਲ ਦੇ ਆਧਾਰ ਉੱਤੇ ਹੋਵੇ, ਲਈ ਜਰੂਰੀ ਸੀ ਕਿ ਇੱਥੇ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਵਾਲੇ ਜਿੰਮੇਵਾਰ ਮੋਹਤਬਰ ਨਗਰ ਕੌਂਸਲ ਦੀ ਜਿੰਮੇਵਾਰੀ ਸੰਭਾਲਦੇ। ਅੱਜ ਇੱਥੋਂ ਦੇ ਨਿਵਾਸੀਆਂ ਵੱਲੋਂ ਦਿੱਤੇ ਭਰਵੇਂ ਸਹਿਯੋਗ ਸਦਕਾ ਸ ਸੁਰਜੀਤ ਸਿੰਘ ਕੰਗ ਨੂੰ ਬਾਬਾ ਬਕਾਲਾ ਸਾਹਿਬ ਨਗਰ ਕੌਂਸਲ ਦੀ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ ਹੈ ਅਤੇ ਆਸ ਕਰਦੇ ਹਾਂ ਕਿ ਉਹ ਇਹ ਜਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਸ ਦਲਬੀਰ ਸਿੰਘ ਟੌਗ ਨੇ ਉਹਨਾਂ ਨੂੰ ਪ੍ਰਧਾਨਗੀ ਦੀ ਕੁਰਸੀ ਉੱਤੇ ਬਿਠਾਉਣ ਉਪਰੰਤ ਮੁਖਾਤਿਬ ਹੁੰਦਿਆਂ ਕੀਤਾ ਅਤੇ ਕਿਹਾ ਕਿ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਤੇ ਆਮ ਲੋਕਾਂ ਲਈ ਕੰਮ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਆਉਂਦੀ। ਉਹਨਾਂ ਕਿਹਾ ਕਿ ਇਤਿਹਾਸਿਕ ਨਗਰੀ ਬਾਬਾ ਬਕਾਲਾ ਸਾਹਿਬ ਦਾ ਵਿਕਾਸ ਮੇਰੀ ਪਹਿਲੀ ਤਰਜੀਹੀ ਹੈ ਅਤੇ ਹੁਣ ਕੰਗ ਨੂੰ ਇਹ ਜਿੰਮੇਵਾਰੀ ਸੌਂਪਣ ਨਾਲ ਬਾਬਾ ਬਕਾਲਾ ਸਾਹਿਬ ਦੇ ਚੌਤਰਫੇ ਵਿਕਾਸ ਦਾ ਰਾਹ ਖੁੱਲ ਗਿਆ ਹੈ।
ਉਹਨਾਂ ਨਵੀਂ ਟੀਮ ਨੂੰ ਵਧਾਈ ਦਿੰਦੇ ਕਿਹਾ ਕਿ ਤੁਸੀਂ ਜੀਅ ਜਾਨ ਨਾਲ ਕੰਮ ਕਰੋ, ਤੁਹਾਨੂੰ ਪੈਸੇ ਜਾਂ ਹੋਰ ਸਾਧਨਾਂ ਪੱਖੋਂ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸ ਟੌਂਗ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਜੋ ਵੀ ਕਹਿੰਦੇ ਹਨ ਕਰਕੇ ਵਿਖਾਉਂਦੇ ਹਨ, ਉਹਨਾਂ ਦੇ ਕੀਤੇ ਹੋਏ ਕੰਮ ਬੋਲਦੇ ਹਨ ਅਤੇ ਤੁਸੀਂ ਜੋ ਵੀ ਇਲਾਕੇ ਦੀ ਲੋੜ ਅਨੁਸਾਰ ਮੰਗ ਰੱਖੋਗੇ ਮੈਂ ਪੂਰੀ ਕਰਵਾ ਕੇ ਦਿਆਂਗਾ। ਉਹ ਇਸ ਮੌਕੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸਾਹਿਬ ਨਤਮਸਤਕ ਵੀ ਹੋਏ।